ਸਮੈਕ ਵੇਚਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਪਾਇਆ ਘੇਰਾ, ਪੁਲਸ ਹਵਾਲੇ ਕੀਤਾ

Friday, Mar 04, 2022 - 02:03 PM (IST)

ਮਾਛੀਵਾੜਾ ਸਾਹਿਬ (ਟੱਕਰ) : ਨਸ਼ਿਆਂ ਖ਼ਿਲਾਫ਼ ਹੁਣ ਲੋਕ ਹੁਣ ਜਾਗਰੂਕ ਹੁੰਦੇ ਨਜ਼ਰ ਆ ਰਹੇ ਹਨ। ਇਸ ਤਹਿਤ ਨੇੜਲੇ ਪਿੰਡ ਚੱਕੀ ਵਿਖੇ ਵੀ ਨਸ਼ਾ ਵੇਚਣ ਆਏ 3 ਨੌਜਵਾਨਾਂ ਨੂੰ ਲੋਕਾਂ ਨੇ ਘੇਰਾ ਪਾ ਲਿਆ ਅਤੇ ਪੁਲਸ ਹਵਾਲੇ ਕੀਤਾ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪਿੰਡ ਚੱਕੀ ’ਚੋਂ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇੱਕ ਪਜੈਰੋ ਗੱਡੀ ਵਿਚ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਮਾਣੇਵਾਲ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਚੱਕੀ ਸਵਾਰ ਹੋ ਕੇ ਸਾਹਿਬ ਸਿੰਘ ਦੇ ਘਰ ਆਏ ਹੋਏ ਹਨ, ਜੋ ਉੱਥੇ ਆਪਣੇ ਗਾਹਕਾਂ ਨੂੰ ਬੈਠ ਕੇ ਸਮੈਕ ਵੇਚ ਰਹੇ ਹਨ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਕਤ ਵਿਅਕਤੀ ਦੇ ਘਰ ਜਾ ਕੇ ਪਜੈਰੋ ਗੱਡੀ ਨੂੰ ਘੇਰਾ ਪਾ ਲਿਆ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਬਰਾਮਦ ਹੋਏ ਛੋਟੇ ਕਾਲੇ ਬੈਗ ਵਿਚੋਂ ਇੱਕ ਕੰਪਿਊਟਰ ਕੰਡਾ, ਪਲਾਸਟਿਕ ਦੀਆਂ ਲਿਫ਼ਾਫੀਆਂ, 2 ਲੈਟਰ ਅਤੇ ਇੱਕ ਲਿਫ਼ਾਫੀ ’ਚੋਂ 1 ਗ੍ਰਾਮ ਸਮੈਕ ਵੀ ਬਰਾਮਦ ਕੀਤੀ।

ਇਹ ਵੀ ਪੜ੍ਹੋ : ਫਾਜ਼ਿਲਕਾ ਤੋਂ ਵੱਡੀ ਖ਼ਬਰ : EVM ਸਟਰਾਂਗ ਰੂਮ ਸੈਂਟਰ 'ਚ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ

ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਚੱਕੀ ਪੁੱਜਾ ਅਤੇ ਉੱਥੇ ਜਾ ਕੇ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ’ਚੋਂ 9 ਗ੍ਰਾਮ ਸਮੈਕ ਹੋਰ ਬਰਾਮਦ ਹੋਈ। ਪੁਲਸ ਨੇ 10 ਗ੍ਰਾਮ ਸਮੈਕ ਮਿਲਣ ’ਤੇ ਜਿੱਥੇ ਪਜੈਰੋ ਗੱਡੀ ਨੂੰ ਜ਼ਬਤ ਕਰ ਲਿਆ, ਉੱਥੇ ਸਮੈਕ ਵੇਚਣ ਆਏ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਲੋਕਾਂ ਨੇ ਦੱਸਿਆ ਕਿ ਪਿੰਡ ਚੱਕੀ ਵਿਖੇ ਪਿਛਲੇ ਕਈ ਦਿਨਾਂ ਤੋਂ ਸਮੈਕ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਸੀ ਅਤੇ ਉਨ੍ਹਾਂ ਵਲੋਂ ਨਜ਼ਰ ਰੱਖੀ ਜਾ ਰਹੀ ਸੀ, ਕਦੋਂ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾਵੇ। ਪਿੰਡ ਵਾਸੀਆਂ ਅਨੁਸਾਰ ਇਹ ਤਿੰਨੋ ਨੌਜਵਾਨ ਤਾਂ ਨਸ਼ੇ ਵੇਚਣ ’ਤੇ ਕਾਬੂ ਕਰ ਲਏ ਗਏ ਹਨ ਪਰ ਅਜੇ ਵੀ ਕੁੱਝ ਵਿਅਕਤੀ ਜੋ ਪਿੰਡ ’ਚ ਨਸ਼ਾ ਵੇਚਣ ਆਉਂਦੇ ਹਨ, ਉਨ੍ਹਾਂ ਦੀ ਸੂਚਨਾ ਵੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਜੇਕਰ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਪੁਲਸ ਦੇ ਸਪੁਰਦ ਕੀਤਾ ਜਾਵੇਗਾ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਵੀ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕਦੀ ਹੈ ਅਤੇ ਪੁਲਸ ਵੀ ਅਜਿਹੇ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਬਖ਼ਸੇਗੀ ਨਹੀਂ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਦੇ ਪਰਿਵਾਰ ਨੇ ਮੁੰਡੇ ਨੂੰ ਕੀਤਾ ਅਗਵਾ, ਘਰ 'ਚ ਬੰਨ੍ਹ ਕੇ ਕੀਤੀ ਕੁੱਟਮਾਰ

ਖੇਤਾਂ ’ਚ ਬਣੇ ਚੁੱਲ੍ਹੇ ਹੇਠਾਂ ਤਹਿਖਾਨੇ ’ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ

ਮਾਛੀਵਾੜਾ ਪੁਲਸ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਹੇਠ ਅੰਗਰੇਜ਼ ਸਿੰਘ ਵਾਸੀ ਮਾਣੇਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਹੌਲਦਾਰ ਕਰਨੈਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਅੰਗਰੇਜ਼ ਸਿੰਘ ਵਾਸੀ ਮਾਣੇਵਾਲ ਜੋ ਕਿ ਬਾਹਰਲੇ ਪ੍ਰਦੇਸ਼ਾਂ ਤੋਂ ਸਸਤੀ ਸ਼ਰਾਬ ਲਿਆ ਕੇ ਇੱਥੇ ਮਹਿੰਗੇ ਭਾਅ ’ਤੇ ਵੇਚਦਾ ਹੈ ਅਤੇ ਅੱਜ ਵੀ ਉਸਨੇ ਆਪਣੇ ਖੇਤਾਂ ’ਚ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਹਾਈਕੋਰਟ ਨੂੰ ਜਾਰੀ ਕੀਤੇ ਇਹ ਨਿਰਦੇਸ਼

ਪੁਲਸ ਵਲੋਂ ਸੂਚਨਾ ਦੇ ਅਧਾਰ ’ਤੇ ਜਦੋਂ ਅੰਗਰੇਜ਼ ਸਿੰਘ ਦੇ ਖੇਤਾਂ ’ਚ ਤਲਾਸ਼ੀ ਲਈ ਗਈ ਤਾਂ ਉੱਥੇ ਬਣੇ ਚੁੱਲ੍ਹੇ ਹੇਠਾਂ ਇੱਕ ਤਹਿਖਾਨਾ ਬਣਿਆ ਸੀ, ਜਿਸ ’ਚੋਂ 17 ਬੋਤਲਾਂ ਪੰਜਾਬ ਵਿਚ ਨਾ-ਵਿਕਣਯੋਗ ਬਰਾਮਦ ਹੋਈਆਂ। ਖੇਤਾਂ ’ਚ ਬਣੇ ਚੁੱਲ੍ਹੇ ਹੇਠਾਂ ਅਜਿਹੇ ਢੰਗ ਨਾਲ ਤਹਿਖਾਨਾ ਬਣਾਇਆ ਸੀ ਕਿ ਕਿਸੇ ਨੂੰ ਭਿਣਕ ਤੱਕ ਨਾ ਪਈ ਪਰ ਪੁਲਸ ਨੇ ਉੱਥੇ ਜਾ ਕੇ 17 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News