ਚੈਕਿੰਗ ਦੌਰਾਨ ਥਾਣੇਦਾਰ 'ਤੇ ਗੱਡੀ ਚੜ੍ਹਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ

Tuesday, Aug 17, 2021 - 12:31 PM (IST)

ਚੈਕਿੰਗ ਦੌਰਾਨ ਥਾਣੇਦਾਰ 'ਤੇ ਗੱਡੀ ਚੜ੍ਹਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ

ਪਟਿਆਲਾ (ਬਲਜਿੰਦਰ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਏ. ਐੱਸ. ਆਈ. ’ਤੇ ਗੱਡੀ ਚੜ੍ਹਾਉਣ ਵਾਲੇ ਵਿਅਕਤੀ ਨੂੰ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠ  ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਬਾਜ ਸਿੰਘ ਪੁੱਤਰ ਹਰਦੀਪ ਸਿੰਘ (26) ਵਾਸੀ ਪਿੰਡ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ (ਹਰਿਆਣਾ) ਵਜੋਂ ਹੋਈ। ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ।

ਜਦੋਂ ਏ. ਐੱਸ. ਆਈ. ਭਾਗ ਸਿੰਘ ਹਰਿਆਣਾ ਨੰਬਰ ਗੱਡੀ ਨੂੰ ਚੈੱਕ ਕਰਨ ਲੱਗਿਆ ਤਾਂ ਉਸ ਨੇ ਗੱਡੀ ਹੀ ਏ. ਐੱਸ. ਆਈ. ’ਤੇ ਚੜ੍ਹਾ ਦਿੱਤੀ, ਇਸ ’ਚ ਏ. ਐੱਸ. ਆਈ. ਸੂਬਾ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ। ਪੁਲਸ ਨੇ ਇਸ ਮਾਮਲੇ ’ਚ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਡੀ. ਐੱਸ. ਪੀ. ਸਿਟੀ-1 ਹੇਮੰਤ ਸ਼ਰਮਾ, ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਅਤੇ ਮਾਡਲ ਟਾਊਨ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਜੈਦੀਪ ਸ਼ਰਮਾ ਦੀ ਟੀਮ ਨੇ ਉਸ ਦੀ ਭਾਲ ਸ਼ੁਰੂ ਕੀਤੀ। ਐੱਸ. ਐੱਚ. ਓ. ਇੰਸ. ਗੁਰਪ੍ਰੀਤ ਸਿੰਘ ਭਿੰਡਰ ਵੱਲੋਂ ਤਫਤੀਸ਼ੀ ਅਫ਼ਸਰ ਸਮੇਤ ਪੁਲਸ ਪਾਰਟੀ ਥਾਪਰ ਕਾਲਜ ਨੇੜੇ ਨਾਕਾ ਲਗਾਇਆ ਸੀ ਤਾਂ ਉਕਤ ਗੱਡੀ ਥਾਪਰ ਕਾਲਜ ਦੀਆਂ ਲਾਈਟਾਂ 'ਤੇ ਭਾਦਸੋਂ ਰੋਡ ਵੱਲੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ।

ਪੁਲਸ ਪਾਰਟੀ ਵੱਲੋਂ ਕਾਰ ਨੂੰ ਰੋਕ ਕੇ ਚਾਲਕ ਦਾ ਨਾਂ-ਪਤਾ ਪੁੱਛਿਆ ਗਿਆ, ਜਿਸ ਨੇ ਆਪਣਾ ਨਾਂ ਗੁਰਬਾਜ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ (ਹਰਿਆਣਾ) ਦੱਸਿਆ। ਡੂੰਘਾਈ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਸ ਨੇ ਗੁਰਬਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਜਾਵੇਗੀ।
 


author

Babita

Content Editor

Related News