ਦੀਮਾਗੀ ਤੌਰ ’ਤੇ ਪ੍ਰੇਸ਼ਾਨ ਮੁੰਡੇ ਨੇ ਹੋਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ
Saturday, Oct 22, 2022 - 05:00 PM (IST)

ਅਬੋਹਰ (ਸੁਨੀਲ) : ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਬੀਤੀ ਰਾਤ ਸੀਤੋ ਰੋਡ ’ਤੇ ਸਥਿਤ ਇਕ ਹੋਟਲ ਦੇ ਕਮਰੇ ’ਚ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਲੋਟ ਰੋਡ ਵਾਸੀ 23 ਸਾਲਾ ਸਚਿਨ ਪੁੱਤਰ ਧਰਮਵੀਰ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਸ਼ੁੱਕਰਵਾਰ ਦੀ ਸ਼ਾਮ ਸਚਿਨ ਨੇ ਸੀਤੋ ਰੋਡ ’ਤੇ ਸਥਿਤ ਇਕ ਹੋਟਲ ’ਚ ਕਮਰਾ ਕਿਰਾਏ ’ਤੇ ਲਿਆ ਅਤੇ ਕਮਰੇ ’ਚ ਜਾ ਕੇ ਕੁੰਡੀ ਲਗਾਉਣ ਤੋਂ ਬਾਅਦ ਫਾਹਾ ਲਗਾ ਖੁਦਕੁਸ਼ੀ ਕਰ ਲਈ। ਕਾਫੀ ਸਮੇਂ ਤੱਕ ਜਦ ਸਚਿਨ ਦੇ ਕਮਰੇ ’ਚ ਕੋਈ ਹਲਚਲ ਦਿਖਾਈ ਨਹੀਂ ਦਿੱਤੀ ਤਾਂ ਹੋਟਲ ਵਾਲਿਆਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਸਚਿਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਪੁਲਸ ਮੁਖੀ ਗੁਰਮੀਤ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਮ੍ਰਿਤਕ ਦੇ ਪਿਤਾ ਧਰਮਵੀਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਹੈ। ਕਿਸੇ ਪ੍ਰੇਸ਼ਾਨੀ ਦੇ ਕਾਰਨ ਸਚਿਨ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।