ਨੌਜਵਾਨ ’ਤੇ ਤਸ਼ੱਦਦ ਕਰਨ ਤੋਂ ਬਾਅਦ ਗਾਡਰ ਨਾਲ ਫਾਹਾ ਦੇ ਕੇ ਕੀਤਾ ਕਤਲ

Tuesday, Jul 11, 2023 - 06:28 PM (IST)

ਨੌਜਵਾਨ ’ਤੇ ਤਸ਼ੱਦਦ ਕਰਨ ਤੋਂ ਬਾਅਦ ਗਾਡਰ ਨਾਲ ਫਾਹਾ ਦੇ ਕੇ ਕੀਤਾ ਕਤਲ

ਸਰਾਏ ਅਮਾਨਤ ਖਾਂ (ਨਰਿੰਦਰ) : ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਬੁਰਜ (ਰਾਜਾਤਾਲ) ਵਿਖੇ ਕੁਝ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ ਤੇ ਉਨ੍ਹਾਂ ਦੀ ਥਾਰ ਗੱਡੀ ਦੀ ਭੰਨਤੋੜ ਕਰਨ ਦੇ ਸ਼ੱਕ ਵਿਚ ਉਸ ’ਤੇ ਸਰੀਰਕ ਤਸ਼ੱਦਦ ਕਰਨ ਤੋਂ ਬਾਅਦ ਪਿੰਡ ਵਿਚ ਖਾਲ੍ਹੀ ਪਏ ਘਰ ਦੇ ਗਾਡਰ ਨਾਲ ਫਾਹਾ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜ ਦੇ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਪ੍ਰਿੰਸਪਾਲ ਸਿੰਘ ਪੁੱਤਰ ਸਵ. ਹੀਰਾ ਸਿੰਘ ਨੇ ਉਸ ਦੀ ਥਾਰ ਗੱਡੀ ਦੇ ਸ਼ੀਸ਼ੇ ਭੰਨੇ ਤੇ ਗੱਡੀ ਵਿਚੋਂ ਚੋਰੀ ਦੀ ਕੀਤੀ ਹੈ, ਜਿਸ ’ਤੇ ਮਨਤੇਜ ਸਿੰਘ ਨੇ ਗੁਰਭੇਜ ਸਿੰਘ ਅਤੇ ਚਮਕੌਰ ਸਿੰਘ ਨਾਲ ਮਿਲ ਕੇ ਪ੍ਰਿੰਸਪਾਲ ਸਿੰਘ ਨੂੰ ਫ਼ੜਕੇ ਪਹਿਲਾਂ ਬੰਬੀ ’ਤੇ ਲਿਜਾਕੇ ਉਸ ’ਤੇ ਸਰੀਰਕ ਤਸ਼ੱਦਦ ਕੀਤਾ ਤੇ ਫਿਰ ਪਿੰਡ ਵਿਚ ਖਾਲ੍ਹੀ ਪਏ ਘਰ ਵਿਚ ਉਸ ਦੀਆਂ ਬਾਹਾਂ ਬੰਨ੍ਹ ਕੇ ਗਾਡਰ ਨਾਲ ਫਾਹਾ ਦੇਕੇ ਮਾਰ ਦਿੱਤਾ।

ਪਤਾ ਲੱਗਣ ’ਤੇ ਘਰ ਵਾਲਿਆਂ ਵਲੋਂ ਪੁਲਸ ਨੂੰ ਸੂਚਿਤ ਕਰਨ ’ਤੇ ਸਰਾਏ ਅਮਾਨਤ ਖਾਂ ਥਾਣੇ ਦੇ ਮੁਖੀ ਸਲਵੰਤ ਸਿੰਘ ਅਤੇ ਡੀ. ਐੱਸ. ਪੀ ਜਸਪਾਲ ਸਿੰਘ ਢਿੱਲੋਂ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ। ਥਾਣਾ ਸਰਾਏ ਅਮਾਨਤ ਖਾਂ ਪੁਲਸ ਮ੍ਰਿਤਕ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਮਾਤਾ ਗੁਰਮੀਤ ਕੌਰ ਪਤਨੀ ਵਿਧਵਾ ਹੀਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਭੇਜ ਸਿੰਘ ਅਤੇ ਚਮਕੌਰ ਸਿੰਘ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ।


author

Gurminder Singh

Content Editor

Related News