ਜ਼ਿਆਦਾ ਗਰਮੀ ਕਾਰਨ ਨੌਜਵਾਨ ਨੂੰ ਹਾਰਟ ਅਟੈਕ ਨਾਲ ਮੌਤ, ਦੋ ਭੈਣਾਂ ਦਾ ਸੀ ਭਰਾ

Saturday, Aug 12, 2023 - 06:15 PM (IST)

ਜ਼ਿਆਦਾ ਗਰਮੀ ਕਾਰਨ ਨੌਜਵਾਨ ਨੂੰ ਹਾਰਟ ਅਟੈਕ ਨਾਲ ਮੌਤ, ਦੋ ਭੈਣਾਂ ਦਾ ਸੀ ਭਰਾ

ਟਾਂਡਾ ਉੜਮੁੜ (ਪੰਡਿਤ) : ਬੀਤੇ ਦਿਨ ਅਹੀਆਪੁਰ ਨੇੜੇ ਇਕ 28 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਮੌਤ ਜ਼ਿਆਦਾ ਗਰਮੀ ਦੌਰਾਨ ਆਏ ਹਾਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ। ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਗਗਨ ਔਜਲਾ ਪੁੱਤਰ ਕੁਲਵੰਤ ਸਿੰਘ ਦੇ ਰੂਪ ਵਿਚ ਹੋਈ ਹੈ ਜੋ ਦੋ ਭੈਣਾਂ ਦਾ ਭਰਾ ਸੀ। ਟਾਂਡਾ ਪੁਲਸ ਦੀ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਨੇ ਇਸ ਬਾਰੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ। ਆਪਣੇ ਬਿਆਨ ਵਿਚ ਗਗਨ ਦੇ ਪਿਤਾ ਦੱਸਿਆ ਕਿ ਉਸਦਾ ਪੁੱਤਰ ਦੁਬਈ ਤੋਂ ਆ ਕੇ ਪਿਛਲੇ ਇਕ ਵਰੇ ਤੋਂ ਘਰ ਹੀ ਸੀ ਅਤੇ ਖੇਤੀਬਾੜੀ ਕਰਦਾ ਸੀ।

ਬੀਤੀ ਦੁਪਹਿਰ ਉਹ ਘਰੋਂ ਸਕੂਟਰੀ ’ਤੇ ਪੱਠੇ ਲੈਣ ਗਿਆ ਸੀ ਪਰੰਤੂ ਸ਼ਾਮ ਤੱਕ ਘਰ ਨਾ ਪਰਤਣ ’ਤੇ ਜਦੋਂ ਉਸਦੀ ਭਾਲ ਕੀਤੀ ਤਾਂ ਉਸਦੀ ਲਾਸ਼ ਅਹੀਆਪੁਰ ਰੋਡ ਨੇੜਿਓਂ ਮਿਲੀ। ਉਸਨੇ ਦੱਸਿਆ ਕਿ ਉਸਦੇ ਪੁੱਤਰ ਦੀ ਮੌਤ ਜ਼ਿਆਦਾ ਗਰਮੀ ਕਾਰਨ ਆਏ ਹਾਰਟ ਅਟੈਕ ਨਾਲ ਹੋਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਹੈ।


author

Gurminder Singh

Content Editor

Related News