ਸੜਕ ਕੰਢੇ ਸੁੱਟੇ ਨਿਕਾਸੀ ਨਾਲੇ ਦੇ ਚਿੱਕੜ ’ਚ ਫਸ ਕੇ ਡਿੱਗਿਆ ਨੌਜਵਾਨ ਬੱਸ ਨੇ ਦਰੜਿਆ, ਮੌਤ

Sunday, Jan 03, 2021 - 12:58 PM (IST)

ਮਾਲੇਰਕੋਟਲਾ (ਯਾਸੀਨ/ਮਹਿਬੂਬ): ਪਿੰਡ ਕੇਲੋਂ ਸ਼ੇਰਵਾਨੀ ਕੋਟ ਕੋਲ ਪੰਚਾਇਤਾਂ ਵੱਲੋਂ ਨਿਕਾਸੀ ਨਾਲੇ ’ਚੋਂ ਕੱਢ ਕੇ ਸੜਕ ਕੰਢੇ ਸੁੱਟੇ ਚਿੱਕੜ ਦੇ ਢੇਰ ’ਚ ਫਸ ਕੇ ਡਿੱਗੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਨੇੜਿਓਂ ਲੰਘ ਰਹੀ ਇਕ ਮਿੱਨੀ ਬੱਸ ਹੇਠਾਂ ਆ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  

ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਜਾਣਕਾਰੀ ਮੁਤਾਬਕ ਭਗਵੰਤ ਸਿੰਘ ਆਪਣੇ ਸਾਥੀ ਬਰਕਤ ਅਲੀ ਨਾਲ ਫੈਕਟਰੀ ’ਚ ਡਿਊਟੀ ਦੇਣ ਲਈ ਮਾਲੇਰਕੋਟਲੇ ਜਾ ਰਿਹਾ ਸੀ ਤਾਂ ਪਿੰਡ ਕੇਲੋਂ ਸ਼ੇਰਵਾਨੀਕੋਟ ਕੋਲ ਅੱਗਿਓਂ ਆ ਰਹੀ ਮਿੰਨੀ ਬੱਸ ਤੋਂ ਬਚਾਅ ਕਰਦਿਆਂ ਮੋਟਰਸਾਈਕਲ ਦਾ ਅਗਲਾ ਟਾਇਰ ਨਿਕਾਸੀ ਨਾਲੇ ’ਚੋਂ ਕੱਢ ਕੇ ਸੜਕ ਕੰਢੇ ਸੁੱਟੇ ਚਿੱਕੜ ’ਚ ਫਸ ਗਿਆ। ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ।ਬਰਕਤ ਅਲੀ ਤਾਂ ਵਾਲ-ਵਾਲ ਬਚ ਗਿਆ ਜਦਕਿ ਭਗਵੰਤ ਸਿੰਘ ਦੀ ਬੱਸ ਹੇਠਾਂ ਦਰੜੇ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਬਹੁਜਨ ਸਮਾਜ ਟਰੇਡ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਜ਼ੋਰਾ ਸਿੰਘ ਚੀਮਾ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਾਲੇ ’ਚੋਂ ਕੱਢ ਕੇ ਸੜਕ ’ਤੇ ਸੁੱਟੇ ਚਿੱਕੜ ਦੇ ਢੇਰਾਂ ਅਤੇ ਬੱਸ ਦੀ ਤੇਜ਼ ਰਫ਼ਤਾਰ ਕਾਰਣ ਇਹ ਨੌਜਵਾਨ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ

ਉੱਧਰ, ਥਾਣਾ ਸੰਦੌੜ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਮੁਤਾਬਕ ਨੌਜਵਾਨ ਬਰਕਤ ਅਲੀ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮਿ੍ਰਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤੀ ਹੈ। ਨੌਜਵਾਨ ਦੀ ਹੋਈ ਮੌਤ ਤੋਂ ਖਫਾ ਹੋਏ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਮੰਗ ਕੀਤੀ ਕਿ ਇਸ ਹਾਦਸੇ ਲਈ ਬੱਸ ਦੇ ਡਰਾਈਵਰ ਸਮੇਤ ਪਿੰਡਾਂ ਦੀਆਂ ਪੰਚਾਇਤਾਂ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਚਿੱਕੜ ’ਤੇ ਢੇਰ ਲਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲਾ ਦਿਤੀਆਂ ਹਨ। ਇਸ ਲਈ ਉਨ੍ਹਾਂ ਖਿਲਾਫ ਕਾਰਵਾਈ ਕਰਕੇ ਸੜਕ ’ਤੇ ਪਿਆ ਚਿੱਕੜ ਤੁਰੰਤ ਚੁੱਕਵਾਇਆ ਜਾਵੇ।

ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼


Shyna

Content Editor

Related News