28 ਸਾਲਾ ਨੌਜਵਾਨ ਦੀ ਭਿਆਨਕ ਹਾਦਸੇ "ਚ ਮੌਤ, ਕਈ ਘੰਟੇ ਸੜਕ "ਤੇ ਪਈ ਰਹੀ ਲਾਸ਼

Friday, Jul 11, 2025 - 05:38 PM (IST)

28 ਸਾਲਾ ਨੌਜਵਾਨ ਦੀ ਭਿਆਨਕ ਹਾਦਸੇ "ਚ ਮੌਤ, ਕਈ ਘੰਟੇ ਸੜਕ "ਤੇ ਪਈ ਰਹੀ ਲਾਸ਼

ਹਲਵਾਰਾ (ਲਾਡੀ) : ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਦੁਪਹਿਰ ਕਰੀਬ 12 ਵਜੇ ਪਿੰਡ ਨੂਰਪੁਰਾ ਅਤੇ ਗੋਂਦਵਾਲ ਦੀ ਹੱਦ ਵਿਚ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ 28 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਉਰਫ਼ ਜੱਗਾ ਪੁੱਤਰ ਬਾਰੂ ਰਾਮ ਵਾਸੀ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਕਰੀਬ ਢਾਈ ਘੰਟੇ ਤੱਕ ਮ੍ਰਿਤਕ ਦੀ ਲਾਸ਼ ਸੜਕ ਉਪਰ ਹੀ ਪਈ ਰਹਿਣ ਤੋਂ ਭੜਕੇ ਪਰਿਵਾਰਕ ਮੈਂਬਰਾਂ ਦੀ ਰਾਏਕੋਟ ਸ਼ਹਿਰੀ ਥਾਣੇ ਦੇ ਥਾਣੇਦਾਰ ਕੇਬਲ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਹੋਈ ਅਤੇ ਬਾਅਦ ਵਿਚ ਮ੍ਰਿਤਕ ਦਾ ਭਰਾ ਛਿੰਦਾ ਅਤੇ ਹੋਰ ਪਰਿਵਾਰਕ ਮੈਂਬਰ ਮ੍ਰਿਤਕ ਦੀ ਲਾਸ਼ ਨੂੰ ਗੱਡੀ ਵਿਚ ਰੱਖ ਕੇ ਬਿਨਾਂ ਪੋਸਟਮਾਰਟਮ ਕਰਵਾਏ ਹੀ ਲੈ ਕੇ ਚਲੇ ਗਏ।

ਸੰਪਰਕ ਕਰਨ 'ਤੇ ਥਾਣਾ ਰਾਏਕੋਟ ਸ਼ਹਿਰੀ ਦੇ ਐੱਸ.ਐੱਚ.ਓ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਜਦੋਂ ਪੁਲਸ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਲਈ ਲਾਸ਼ ਕਬਜ਼ੇ ਵਿਚ ਲੈਣ ਦੀ ਕਾਰਵਾਈ ਕਰ ਰਹੀ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਕਰਾਉਣ ਤੋਂ ਹੀ ਇਨਕਾਰ ਕਰ ਦਿੱਤਾ। ਮ੍ਰਿਤਕ ਦੇ ਪਿਤਾ ਬਾਰੂ ਰਾਮ, ਸਹੁਰਾ ਦੁਰਗਾ ਰਾਮ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ ਕੁਲਦੀਪ ਸਿੰਘ ਉਰਫ਼ ਜੱਗਾ ਦਾ ਹਾਦਸਾ ਬੇਸਹਾਰਾ ਗਾਂ ਨਾਲ ਟੱਕਰ ਹੋਣ ਕਰਕੇ ਹੋਇਆ ਹੈ, ਇਸ ਲਈ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ।


author

Gurminder Singh

Content Editor

Related News