ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
Wednesday, Aug 15, 2018 - 06:35 AM (IST)
ਸਾਹਨੇਵਾਲ, (ਜਗਰੂਪ)- ਅਣਪਛਾਤੇ ਵਾਹਨ ਚਾਲਕ ਵੱਲੋਂ ਮਾਰੀ ਗਈ ਕਥਿਤ ਟੱਕਰ ਨਾਲ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ’ਚ ਲਿਆ ਹੈ। ਥਾਣਾ ਪੁਲਸ ਪਾਸ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਸੰਜੀਤ ਸ਼ਰਮਾ ਪੁੱਤਰ ਪਰਬੰਸ ਸ਼ਰਮਾ ਵਾਸੀ ਗਰਚਾ ਕਾਲੋਨੀ, ਨੇਡ਼ੇ ਗੁਰਦੁਆਰਾ ਰੇਰੂ ਸਾਹਿਬ, ਨੰਦਪੁਰ ਨੇ ਦੱਸਿਆ ਕਿ ਬੀਤੀ 13 ਅਗਸਤ ਦੀ ਸਵੇਰੇ ਸਵਾ 6 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੇ ਲਡ਼ਕੇ ਦਾ ਗੁਰਦੁਆਰਾ ਰੇਰੂ ਸਾਹਿਬ ਦੇ ਨੇਡ਼ੇ ਐਕਸੀਡੈਂਟ ਹੋ ਗਿਆ ਹੈ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸ ਦਾ ਲਡ਼ਕਾ ਵਿਸ਼ਾਲ ਸ਼ਰਮਾ ਮ੍ਰਿਤਕ ਹਾਲਤ ’ਚ ਜੀ. ਟੀ. ਰੋਡ ’ਤੇ ਡਿੱਗਿਆ ਹੋਇਆ ਸੀ, ਜਿਸ ਨੂੰ ਪੈਦਲ ਜਾਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਲਾਪ੍ਰਵਾਹੀ ਨਾਲ ਪੇਟ ਮਾਰ ਦਿੱਤੀ ਸੀ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
