ਅਚਾਨਕ ਗੋਲੀ ਲੱਗਣ ਕਰਕੇ ਨੌਜਵਾਨ ਦੀ ਮੌਤ

Tuesday, Sep 03, 2019 - 09:25 PM (IST)

ਅਚਾਨਕ ਗੋਲੀ ਲੱਗਣ ਕਰਕੇ ਨੌਜਵਾਨ ਦੀ ਮੌਤ

ਪੱਟੀ,(ਪਾਠਕ): ਸ਼ਹਿਰ 'ਚ ਅੱਜ ਇਕ ਨੌਜਵਾਨ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੱਟੀ ਸ਼ਹਿਰ ਦੀ ਸਹਿਤ ਸਭਾ ਦੇ ਪ੍ਰਧਾਨ ਤੇ ਸਮਾਜ ਸੇਵਕ ਬਰਕਤ ਸਿੰਘ ਵੋਹਰਾ ਦੇ ਪੁੱਤਰ ਜੈਦੀਪ ਸਿੰਘ ਦੀ ਅਚਾਨਕ ਗੋਲੀ ਲੱਗਣ ਕਰਕੇ ਮੌਤ ਹੋ ਗਈ। ਬਰਕਤ ਸਿੰਘ ਵੋਹਰਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਉਹ ਤੇ ਉਸ ਪੁੱਤਰ ਜੈਦੀਪ ਖੇਮਕਰਨ 'ਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਤੇ ਹਰ-ਰੋਜ਼ ਰਾਤ ਦੀ ਟਰੇਨ ਰਾਹੀਂ  ਖੇਮਕਰਨ ਤੋਂ ਵਾਪਸ ਆਉਂਦੇ ਹਨ । ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਉਨ੍ਹਾਂ ਦੇ ਪੁੱਤਰ ਦਾ ਫੋਨ ਆਇਆ ਕਿ ਉਹ ਚੇਅਰਮੈਨ ਤਰਲੋਕ ਸਿੰਘ ਚਕਵਾਲੀਆ ਜੋ ਕਿ ਮੇਰੇ ਪਿਤਾ ਸਮਾਨ ਹਨ, ਨਾਲ ਪੱਟੀ ਆ ਰਿਹਾ ਹੈ।

ਰਸਤੇ 'ਚ ਚੇਅਰਮੈਨ ਸਾਹਿਬ ਬਾਬਾ ਜੈ ਚੰਦ ਗੁਰਦੁਆਰੇ 'ਚ ਰੁਕ ਗਏ, ਜਿੱਥੇ ਉਨ੍ਹਾਂ ਦੇ ਡਰਾਈਵਰ ਗਗਨਦੀਪ ਸਿੰਘ ਨੇ ਉਨ੍ਹਾਂ ਦੇ ਗਨਮੈਨ ਦੀ ਸਟੇਨਗਨ ਫੜੀ ਹੋਈ ਸੀ ਤੇ ਦੋਵੇਂ ਮੰਜੇ 'ਤੇ ਬੈਠੇ ਹੋਏ ਸਨ ਕਿ ਅਚਾਨਕ ਸਟੇਨ ਡਿੱਗ ਜਾਣ ਕਰਕੇ ਗੋਲੀ ਚੱਲ ਗਈ। ਜੋ ਕਿ ਡਰਾਈਵਰ ਦੀ ਕੋਹਣੀ ਨੂੰ ਲੱਗਦੀ ਹੋਈ, ਉਸ ਦੇ ਪੁੱਤਰ ਜੈਦੀਪ ਸਿੰਘ ਦੇ ਪੇਟ 'ਚ ਜਾ ਲੱਗੀ। ਜਿਸ ਦੇ ਬਾਅਦ ਉਨ੍ਹਾਂ ਨੂੰ ਫੋਨ ਕੀਤਾ ਗਿਆ ਕਿ ਸੰਧੂ ਹਸਪਤਾਲ ਆ ਜਾਓ ਜੈਦੀਪ ਨੂੰ ਸੱਟ ਲੱਗ ਗਈ ਹੈ ਤੇ ਜਦ ਮੈਂ ਤੇ ਮੇਰਾ ਪੁੱਤਰ ਰਵਿੰਦਰ ਉੱਥੇ ਪੁੱਜੇ ਤਾਂ ਤਰਲੋਕ ਸਿੰਘ ਚਕਵਾਲੀਆ, ਡਰਾਈਵਰ ਗਗਨਦੀਪ ਸਿੰਘ ਤੇ ਗਨਮੈਨ ਗੱਡੀ 'ਚ ਬੈਠੇ ਹੋਏ ਸਨ। ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ। ਜਿੱਥੇ ਪਹਿਲਾ ਲਾਈਫ ਲਾਈਨ ਹਸਪਤਾਲ ਤੇ ਮੁੜ ਸਵਿਫਟ ਹਸਪਤਾਲ 'ਚ ਉਸ ਦੇ ਪੁੱਤਰ ਨੂੰ ਲਿਜਾਇਆ ਗਿਆ। ਜਿਥੇ ਉਸ ਦਾ ਆਪਰੇਸ਼ਨ ਕੀਤਾ ਗਿਆ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਬਰਕਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਥਾਣਾ ਕੱਚਾ-ਪੱਕਾ ਦੀ ਪੁਲਸ ਨੇ ਦਫਾ 304 ਏ ਅਧੀਨ ਡਰਾਈਵਰ ਗਗਨਦੀਪ ਸਿੰਘ, ਗਨਮੈਨ ਗੁਰਸੇਵਕ ਖਿਲਾਫ ਕੇਸ ਦਰਜ ਕਰ ਲਿਆ ਹੈ।


Related News