ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Thursday, Oct 21, 2021 - 08:14 PM (IST)

ਮੋਗਾ(ਸੰਦੀਪ ਸ਼ਰਮਾ)- ਉਘੇ ਸਮਾਜ ਸੇਵੀ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਦੇ ਭਾਣਜੇ ਲਖਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਇੰਦਰ ਸਿੰਘ ਗਿੱਲ ਨਗਰ ਮੋਗਾ ਵੱਲੋਂ 19 ਅਕਤੂਬਰ ਦੀ ਸ਼ਾਮ ਨੂੰ ਸੁਸਾਈਡ ਨੋਟ ਲਿਖਣ ਤੋਂ ਬਾਅਦ ਬੰਗਾਲੀ ਵਾਲਾ ਪੁਲ ਹਰੀਕੇ ਹੈੱਡ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਮ੍ਰਿਤਕ ਏ. ਯੂ. ਬੈਂਕ ਜ਼ੀਰਾ ਵਿਚ ਮੈਨੇਜਰ ਦੇ ਤੌਰ ’ਤੇ ਕੰਮ ਕਰਦਾ ਸੀ ਅਤੇ ਉਸ ਨੇ ਇਕ ਸੈਕਿੰਡ ਹੈਂਡ ਗੱਡੀ ਦਾ ਲੋਨ ਸੈਂਕਸ਼ਨ ਕੀਤਾ ਸੀ, ਜੋ ਕਿ ਉਸਦੇ ਭਰਾ ਵੱਲੋਂ ਵਿਕਾਈ ਗਈ ਸੀ। ਈ. ਓ. ਵਿੰਗ ਮੋਗਾ ਵਿਚ ਕੰਮ ਕਰਦੇ ਦੋ ਪੁਲਸ ਮੁਲਾਜ਼ਮਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮ੍ਰਿਤਕ ਨੂੰ ਇਹ ਕਹਿ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਇਹ ਗੱਡੀ ਐਕਸੀਡੈਂਟਲ ਸੀ, ਜਿਸ ਬਾਰੇ ਖਰੀਦਦਾਰ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ।

ਮ੍ਰਿਤਕ ਨੌਜਵਾਨ ਦਾ 12 ਨਵੰਬਰ ਨੂੰ ਵਿਆਹ ਨਿਯਤ ਹੋ ਚੁੱਕਾ ਸੀ ਅਤੇ ਈ. ਓ. ਵਿੰਗ ਦੇ ਇੰਚਾਰਜ ਵੱਲੋਂ ਮ੍ਰਿਤਕ ਨੂੰ ਇਹ ਧਮਕੀ ਦਿੱਤੀ ਜਾ ਰਹੀ ਸੀ ਕਿ ਉਹ ਉਸਦਾ ਵਿਆਹ ਨਹੀਂ ਹੋਣ ਦੇਣਗੇ, ਜਿਸ ਕਾਰਣ ਮ੍ਰਿਤਕ ਨੌਜਵਾਨ ਕੁਝ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਅਖੀਰ ਉਸ ਨੇ ਇਹ ਕਦਮ ਚੁੱਕ ਲਿਆ। ਇਸ ਸਬੰਧੀ ਅੱਜ ਥਾਣਾ ਮਖੂ ਵਿਖੇ ਅੱਜ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਇਕੱਠ ਹੋਇਆ ਅਤੇ ਐੱਸ. ਐੱਚ. ਓ. ਨੂੰ ਮਿਲ ਕੇ ਸੁਸਾਈਡ ਨੋਟ ਵਿਚ ਦਰਜ ਪੁਲਸ ਮੁਲਾਜ਼ਮਾਂ ਨੂੰ ਪਰਚੇ ਵਿਚ ਨਾਮਜ਼ਦ ਕਰਨ ਦੀ ਮੰਗ ਕੀਤੀ। ਪੂਰਾ ਪੁਲਸ ਵਿਭਾਗ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਐੱਸ. ਐੱਚ. ਓ. ’ਤੇ ਇਸ ਸਬੰਧੀ ਭਾਰੀ ਦਬਾਅ ਸੀ, ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਦੀ ਚੇਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਪਰਚੇ ਵਿਚ ਨਾਮਜ਼ਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਅਤੇ ਬਲਜੀਤ ਸਿੰਘ ਚਾਨੀ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ ਸਵੇਰ ਤੱਕ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਪਰਚੇ ਵਿਚ ਨਾਮਜ਼ਦ ਨਾ ਕੀਤਾ ਤਾਂ ਕੱਲ ਥਾਣਾ ਮਖੂ ਅੱਗੇ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ, ਦਲਜੀਤ ਸਿੰਘ ਪ੍ਰਧਾਨ ਕਾਰ ਬਾਜ਼ਾਰ, ਗੋਲਡੀ ਜੰਡੂ ਤੋਂ ਇਲਾਵਾ ਭਾਰੀ ਗਿਣਤੀ ’ਚ ਸਮਾਜ ਸੇਵੀ ਲੋਕ ਹਾਜ਼ਰ ਸਨ।


Bharat Thapa

Content Editor

Related News