ਪਤਨੀ ਤੇ ਸਹੁਰੇ ਦੀਆਂ ਧਮਕੀਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Friday, Jun 05, 2026 - 01:23 PM (IST)

ਪਤਨੀ ਤੇ ਸਹੁਰੇ ਦੀਆਂ ਧਮਕੀਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਫਰੀਦਕੋਟ (ਰਾਜਨ) : ਫਰੀਦਕੋਟ ਦੇ ਪਿੰਡ ਅਰਾਈਆਂਵਾਲਾ ਕਲਾਂ ਵਿਚ ਇਕ ਨੌਜਵਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਰਾਈਆਂਵਾਲਾ ਕਲਾਂ ਦੇ ਵਸਨੀਕ ਰਣਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ 25 ਸਾਲਾ ਪੁੱਤਰ ਵਰਿੰਦਰ ਸਿੰਘ ਦਾ ਵਿਆਹ 24 ਫਰਵਰੀ 2025 ਨੂੰ ਜਸ਼ਨਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ਪਤੀ-ਪਤਨੀ ਵਿਚਕਾਰ ਮਨ-ਮੁਟਾਅ ਪੈਦਾ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਉਸਦੀ ਨੂੰਹ ਜਸ਼ਨਪ੍ਰੀਤ ਕੌਰ ਵਰਿੰਦਰ ਸਿੰਘ ’ਤੇ ਪਿੰਡ ਛੱਡ ਕੇ ਕਿਸੇ ਹੋਰ ਸ਼ਹਿਰ ਵਿਚ ਵੱਖਰਾ ਰਹਿਣ ਲਈ ਦਬਾਅ ਬਣਾਉਂਦੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।

ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵਾਂ ਪਰਿਵਾਰਾਂ ਵਿਚਕਾਰ ਗੱਲਬਾਤ ਹੋਈ ਤਾਂ ਜਸ਼ਨਪ੍ਰੀਤ ਕੌਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਆਪਣੀ ਧੀ ਦਾ ਪੱਖ ਲੈਂਦਿਆਂ ਵਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਅਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਬਾਅਦ ਵਿਚ ਜਸ਼ਨਪ੍ਰੀਤ ਕੌਰ ਆਪਣੇ ਪੇਕੇ ਘਰ ਚਲੀ ਗਈ ਅਤੇ ਮੁੜ ਸਹੁਰੇ ਘਰ ਨਹੀਂ ਆਈ। ਸ਼ਿਕਾਇਤ ਅਨੁਸਾਰ ਸਮਾਜਿਕ ਅਤੇ ਪੰਚਾਇਤੀ ਪੱਧਰ ’ਤੇ ਕਈ ਵਾਰ ਸਮਝੌਤੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਦੌਰਾਨ ਮ੍ਰਿਤਕ ਨੂੰ ਕਥਿਤ ਤੌਰ ’ਤੇ ਝੂਠੇ ਦਾਜ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਉਹ ਲਗਾਤਾਰ ਮਾਨਸਿਕ ਤਣਾਅ ਵਿਚ ਰਹਿਣ ਲੱਗ ਪਿਆ।

ਪਰਿਵਾਰਕ ਵਿਵਾਦ ਨੂੰ ਖਤਮ ਕਰਨ ਲਈ ਪੰਚਾਇਤ ਵੱਲੋਂ ਦੋਵਾਂ ਧਿਰਾਂ ਨੂੰ ਆਪਸੀ ਲੈਣ-ਦੇਣ ਦਾ ਨਿਬੇੜਾ ਕਰਕੇ ਵੱਖ ਹੋਣ ਅਤੇ ਅਦਾਲਤ ਵਿਚ ਤਲਾਕ ਸਬੰਧੀ ਕਾਰਵਾਈ ਕਰਨ ਲਈ ਰਾਜ਼ੀਨਾਮਾ ਕਰਵਾ ਦਿੱਤਾ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਦੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਲਈ ਦੋਵੇਂ ਧਿਰਾਂ ਜ਼ਿਲ੍ਹਾ ਕਚਹਿਰੀਆਂ ਵਿਚ ਇਕੱਠੀਆਂ ਹੋਈਆਂ ਤਾਂ ਸੁਖਵਿੰਦਰ ਸਿੰਘ ਨੇ ਇਕ ਵਾਰ ਫਿਰ ਵਰਿੰਦਰ ਸਿੰਘ ਨੂੰ ਧਮਕਾਇਆ ਅਤੇ ਕਿਹਾ ਕਿ ਉਹ ਉਸਦਾ ਖਹਿੜਾ ਨਹੀਂ ਛੱਡੇਗਾ। ਇਸ ਤੋਂ ਬਾਅਦ ਵਰਿੰਦਰ ਸਿੰਘ ਹੋਰ ਵੱਧ ਤਣਾਅ ਵਿਚ ਰਹਿਣ ਲੱਗ ਪਿਆ।

ਸ਼ਿਕਾਇਤ ਮੁਤਾਬਕ 3 ਜੂਨ 2026 ਦੀ ਸ਼ਾਮ ਨੂੰ ਘਰ ਵਿਚ ਇਕੱਲਾ ਹੋਣ ਦੌਰਾਨ ਵਰਿੰਦਰ ਸਿੰਘ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਪਤਨੀ ਅਤੇ ਸਹੁਰੇ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਇਸ ਮਾਮਲੇ ਵਿਚ ਥਾਣਾ ਸਦਰ ਫਰੀਦਕੋਟ ਦੇ ਸਹਾਇਕ ਥਾਣੇਦਾਰ ਗੁਰਬਕਸ਼ ਸਿੰਘ ਵੱਲੋਂ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਕੌਰ ਖ਼ਿਲਾਫ਼ ਬੀ.ਐਨ.ਐਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।


author

Gurminder Singh

Content Editor

Related News