ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ, ਡੋਪ ਟੈਸਟ ''ਚ ਹੋਈ ਪੁਸ਼ਟੀ
Wednesday, Jul 15, 2026 - 04:45 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਬਰੀਵਾਲਾ ਦੀ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿਚ ਕਾਬੂ ਕਰਕੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਜੀਵਨ ਉਰਫ਼ ਜਿੰਮੀ ਪੁੱਤਰ ਜਗਸੀਰ ਸਿੰਘ ਵਾਸੀ ਕੋਟਲੀ ਸੰਘਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਲੇਡੀ ਹੈੱਡ ਕਾਂਸਟੇਬਲ ਕਿਰਨਦੀਪ ਕੌਰ ਦੀ ਅਗਵਾਈ ਹੇਠ ਪੁਲਸ ਪਾਰਟੀ ਜਿਸ ਵਿੱਚ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਪੀ.ਐੱਚ.ਜੀ. ਇਕਬਾਲ ਸਿੰਘ ਸ਼ਾਮਲ ਸਨ, ਸਰਕਾਰੀ ਗੱਡੀ ਰਾਹੀਂ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਕਰ ਰਹੀ ਸੀ। ਜਦੋਂ ਪੁਲਸ ਪਾਰਟੀ ਮੰਡੀ ਬਰੀਵਾਲਾ ਤੋਂ ਪਿੰਡ ਵੜਿੰਗ ਵੱਲ ਜਾ ਰਹੇ ਰੇਲਵੇ ਫਾਟਕ ਕੋਲ ਪੁੱਜੀ, ਤਾਂ ਉੱਥੇ ਕੱਚੀ ਪਟੜੀ 'ਤੇ ਇਕ ਨੌਜਵਾਨ ਨਸ਼ੇ ਦੀ ਲੋਰ ਵਿੱਚ ਡਿੱਕ-ਡੋਲੇ ਖਾਂਦਾ ਹੋਇਆ ਆਉਂਦਾ ਦਿਖਾਈ ਦਿੱਤਾ। ਪੁਲਸ ਕਰਮਚਾਰੀਆਂ ਨੇ ਉਕਤ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਪੁਲਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਜੀਵਨ ਉਰਫ਼ ਜਿੰਮੀ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੂੰ ਉਸ ਦਾ ਡੋਪ ਟੈਸਟ ਕਰਨ ਲਈ ਲਿਖਤੀ ਦਰਖਾਸਤ ਦਿੱਤੀ ਗਈ। ਡਾਕਟਰੀ ਜਾਂਚ ਅਤੇ ਡੋਪ ਟੈਸਟ ਦੌਰਾਨ ਉਕਤ ਨੌਜਵਾਨ ਦੀ ਰਿਪੋਰਟ ਪੋਸਟਿਵ ਆਈ, ਜਿਸ ਤੋਂ ਸਪੱਸ਼ਟ ਹੋਇਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ।
ਕਾਨੂੰਨੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ, ਪੁਲਸ ਵੱਲੋਂ ਇਸ ਸਾਰੀ ਕਾਰਵਾਈ ਅਤੇ ਨਸ਼ੇ ਦੀ ਹਾਲਤ ਦੀ ਵੀਡੀਓਗ੍ਰਾਫੀ/ਫੋਟੋਗ੍ਰਾਫੀ ਸੀਨੀਅਰ ਕਾਂਸਟੇਬਲ ਮਨਪ੍ਰੀਤ ਸਿੰਘ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਮੋਬਾਇਲ ਫੋਨ ਵਿੱਚ 'ਈ-ਸਾਕਸ਼ਿਆ' ਐਪ ਰਾਹੀਂ ਰਿਕਾਰਡ ਕੀਤੀ ਗਈ। ਨਸ਼ੇ ਦਾ ਸੇਵਨ ਕਰਕੇ ਜਨਤਕ ਥਾਂ 'ਤੇ ਘੁੰਮਣ ਦੇ ਦੋਸ਼ ਹੇਠ ਥਾਣਾ ਬਰੀਵਾਲਾ ਵਿਖੇ ਮੁਲਜ਼ਮ ਜੀਵਨ ਉਰਫ਼ ਜਿੰਮੀ ਖ਼ਿਲਾਫ਼ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਲੇਡੀ ਹੈੱਡ ਕਾਂਸਟੇਬਲ ਕਿਰਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
