ਮਨੁੱਖੀ ਅਧਿਕਾਰ ਪੈਨਲ ਨੇ ਲਾਸ਼ ਹਸਪਤਾਲ ਤੋਂ ਬਾਹਰ ਰੱਖਣ ਦੇ ਮਾਮਲੇ ''ਚ ਮੰਗੀ ਰਿਪੋਰਟ

Thursday, Jul 16, 2026 - 04:54 PM (IST)

ਮਨੁੱਖੀ ਅਧਿਕਾਰ ਪੈਨਲ ਨੇ ਲਾਸ਼ ਹਸਪਤਾਲ ਤੋਂ ਬਾਹਰ ਰੱਖਣ ਦੇ ਮਾਮਲੇ ''ਚ ਮੰਗੀ ਰਿਪੋਰਟ

ਫਰੀਦਕੋਟ : ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲਫ਼ਰੀਦਕੋਟ ਵੱਲੋਂ ਅਣਪਛਾਤੇ ਮਰੀਜ਼ ਦੀ ਲਾਸ਼ ਹਸਪਤਾਲ ਤੋਂ ਬਾਹਰ ਸੁੱਟਣ ਮਗਰੋਂ ਪੰਜਾਬ ਮਨੁੱਖੀ ਅਧਿਕਾਰ ਕਮੀਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਪ੍ਰਸ਼ਾਸਨ ਤੋਂ ਰਿਪੋਰਟਾਂ ਦੀ ਮੰਗ ਕੀਤੀ। ਪੰਜਾਬ ਮਨੁੱਖੀ ਅਧਿਕਾਰ ਕਮੀਸ਼ਨ ਨੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਰਿਪੋਰਟ 24 ਅਗਸਤ ਤੋਂ ਪਹਿਲਾਂ ਜਮ੍ਹਾਂ ਕਰਵਾਈ ਜਾਵੇ। ਸਿਹਤ ਸੈਕਟਰੀ ਨੂੰ ਸੂਚਿਤ ਕਰਨ ਤੋਂ ਬਾਅਦ ਨਿਰਦੇਸ਼ ਦੀਆਂ ਕਾਪੀਆਂ ਅਤੇ ਖ਼ਬਰਾਂ ਦੀਆਂ ਰਿਪੋਰਟਾਂ ਦੋਵੇਂ ਅਧਿਕਾਰੀਆਂ ਨੂੰ ਈਮੇਲ ਅਤੇ ਡਾਕ ਰਾਹੀ ਭੇਜ ਦਿੱਤੀਆਂ ਗਈਆਂ ਹਨ। ਕਮੀਸ਼ਨ ਨੇ ਇਸ ਘਟਨਾ ਨੂੰ ਹੈਰਾਨੀਜਨਕ ਦੱਸਦੇ ਹੋਏ ਗੰਭੀਰ ਸਵਾਲ ਖੜ੍ਹੇ ਕੀਤੇ ਹਨ। 

ਰਿਪੋਰਟਾਂ ਮੁਤਾਬਿਕ ਸਟਾਫ ਵੱਲੋਂ ਮ੍ਰਿਤਕ ਮਰੀਜ਼ ਦੇ ਲਵਾਰਿਸ ਸਰੀਰ ਨੂੰ ਹਸਪਤਾਲ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਲੋਕਾਂ 'ਚ ਕਾਫੀ ਰੋਸ ਦੇਖਣ ਨੂੰ ਮਿਲਿਆ ਅਤੇ ਹਸਪਤਾਲ ਦੀ ਪ੍ਰਕਿਰਿਆ 'ਤੇ ਗੰਭੀਰ ਸਵਾਲ ਚੁੱਕੇ ਗਏ। ਭਾਜਪਾ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੇਂਠ ਵੱਲੋਂ ਇਸ ਘਟਨਾ ਨੂੰ ਸ਼ਰਮਨਾਕ,ਅਣਮਨੁੱਖੀ ਅਤੇ ਅਸਵੀਕਾਰਯੋਗ ਦੱਸਦਿਆਂ ਉਨ੍ਹਾਂ ਕਿਹਾ ਕਿ ਘਟਨਾ ਪੰਜਾਬ ਸਰਕਾਰ ਦੀ 'ਸਿਹਤ ਕ੍ਰਾਂਤੀ' ਦੀ ਪੋਲ ਖੋਲ੍ਹ ਰਹੀ ਹੈ। ਇਹ ਘਟਨਾ ਸੂਬੇ ਦੀ ਸਿਹਤ ਪ੍ਰਣਾਲੀ ਵਿਚਲੀਆਂ ਕਮੀਆਂ ਨੂੰ ਦਰਸਾਉਂਦੀ ਹੈ। ਕੇਂਠ ਨੇ ਅੱਗੇ ਕਿਹਾ ਛੋਟੇ ਅਹੁਦੇ ਦੇ ਕਰਮਚਾਰੀਆਂ ਨੂੰ ਮੁਅੱਤਲ ਕਰਨਾ ਕਾਫ਼ੀ ਨਹੀਂ ਹੈ ਸਗੋਂ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਮੰਤਰੀ ਡਾ. ਬਲਬੀਰ ਸਿੰਘ ਨੂੰ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕੇਂਠ ਨੇ ਸਰਕਾਰ ਨੂੰ ਪ੍ਰੋਟੋਕੋਲ ਅਸਫਲਤਾ ਦੀ ਪਛਾਣ ਕਰਨ ਲਈ ਸਮਾਂਬੱਧ ਅਤੇ ਉੱਚ ਪੱਧਰ ਦੀ ਜਾਂਚ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਵੱਲੋਂ  ਚਲਾਏ ਜਾ ਰਹੇ ਮੈਡੀਕਲ ਕਾਲਜ ਮਰੀਜ਼ ਅਤੇ ਮ੍ਰਿਤਕਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨੀ ਅਤੇ ਨੈਤਿਕ ਮਿਆਰਾਂ ਦੀ ਪਾਲਣਾ ਕਰਦੇ ਹਨ।


author

Gurminder Singh

Content Editor

Related News