ਲਗਾਤਰ ਦੋ ਦਿਨ, ਦੋ ਵਾਰਦਾਤਾਂ, ਫਰੀਦਕੋਟ ਦੀ ਕਾਨੂੰਨ ਵਿਵਸਥਾ ਕਟਹਿਰੇ ਵਿਚ

Thursday, Jul 09, 2026 - 05:52 PM (IST)

ਲਗਾਤਰ ਦੋ ਦਿਨ, ਦੋ ਵਾਰਦਾਤਾਂ, ਫਰੀਦਕੋਟ ਦੀ ਕਾਨੂੰਨ ਵਿਵਸਥਾ ਕਟਹਿਰੇ ਵਿਚ

ਫਰੀਦਕੋਟ (ਰਾਜਨ) : ਫਰੀਦਕੋਟ ਸ਼ਹਿਰ ਵਿਚ ਲਗਾਤਾਰ ਦੋ ਦਿਨਾਂ ਦੌਰਾਨ ਵਾਪਰੀਆਂ ਦੋ ਸਨਸਨੀਖੇਜ਼ ਵਾਰਦਾਤਾਂ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਦਿਨ-ਦਿਹਾੜੇ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਵਿਚ ਭਾਰੀ ਰੋਹ ਅਤੇ ਅਸੁਰੱਖਿਆ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਵੀ ਅਪਰਾਧੀ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇਗੀ। ਬੀਤੇ ਦਿਨ ਇਕ ਆਟੋ ਵਿਚ ਸਵਾਰ ਔਰਤ ਦੀ ਦਿਨ-ਦਿਹਾੜੇ ਦੋ ਨੌਜਵਾਨਾਂ ਵੱਲੋਂ ਚੇਨ ਸਨੈਚਿੰਗ ਕੀਤੀ ਗਈ ਸੀ। ਵਾਰਦਾਤ ਤੋਂ ਬਾਅਦ ਇਕ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਦੂਜੇ ਨੂੰ ਪੀੜਤ ਔਰਤ ਨੇ ਖ਼ੁਦ ਹਿੰਮਤ ਦਿਖਾਉਂਦਿਆਂ ਕਾਬੂ ਕਰਕੇ ਲੋਕਾਂ ਦੀ ਮਦਦ ਨਾਲ ਪੁਲਸ ਹਵਾਲੇ ਕਰ ਦਿੱਤਾ। ਇਸ ਘਟਨਾ ਨੇ ਹੀ ਪੁਲਸ ਦੀ ਗਸ਼ਤ ਅਤੇ ਅਪਰਾਧੀਆਂ ’ਤੇ ਨਕੇਲ ਕੱਸਣ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ।

ਇਸ ਘਟਨਾ ਦੇ ਅਗਲੇ ਹੀ ਦਿਨ ਵੀਰਵਾਰ ਨੂੰ ਸ਼ਹਿਰ ਦੇ ਸਭ ਤੋਂ ਰੁੱਝੇ ਹੋਏ ਮੇਨ ਬਾਜ਼ਾਰ ਵਿਚ ਇਕ ਜਿਊਲਰ ਦੀ ਦੁਕਾਨ ’ਤੇ ਇਕ ਵਿਅਕਤੀ ਗਾਹਕ ਬਣ ਕੇ ਸੋਨੇ ਦੇ ਗਹਿਣੇ ਦੇਖਣ ਲਈ ਆਇਆ ਅਤੇ ਮੌਕਾ ਮਿਲਦਿਆਂ ਹੀ ਗਹਿਣੇ ਚੁੱਕ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰਾਂ ਅਤੇ ਆਸ-ਪਾਸ ਮੌਜੂਦ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲਗਾਤਾਰ ਦੋ ਦਿਨਾਂ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਰ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਕਿਉਂ ਹਨ? ਜੇਕਰ ਸ਼ਹਿਰ ਦੇ ਸਭ ਤੋਂ ਵਿਅਸਤ ਬਾਜ਼ਾਰ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤਾਂ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਦਾ ਅੰਦਾਜ਼ਾ ਸੌਖਿਆਂ ਲਗਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਐੱਸ.ਐੱਸ.ਪੀ. ਫਰੀਦਕੋਟ ਨਾਲ ਵਪਾਰ ਮੰਡਲ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਵਪਾਰੀਆਂ ਨੇ ਬਾਜ਼ਾਰਾਂ ਵਿਚ ਵਧਦੀ ਅਪਰਾਧਿਕ ਸਰਗਰਮੀਆਂ, ਸੁਰੱਖਿਆ ਦੀ ਘਾਟ ਅਤੇ ਪੁਲਸ ਗਸ਼ਤ ਮਜ਼ਬੂਤ ਕਰਨ ਦੀ ਲੋੜ ਨੂੰ ਮੁੱਖ ਮੁੱਦੇ ਵਜੋਂ ਉਠਾਇਆ ਸੀ। ਵਪਾਰੀਆਂ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਰ ਲਗਾਤਾਰ ਦੋ ਦਿਨਾਂ ਵਿਚ ਵਾਪਰੀਆਂ ਇਨ੍ਹਾਂ ਵਾਰਦਾਤਾਂ ਨੇ ਉਨ੍ਹਾਂ ਭਰੋਸਿਆਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਪੁਲਸ ਗਸ਼ਤ ਅਤੇ ਸਖ਼ਤ ਨਿਗਰਾਨੀ ਹੁੰਦੀ ਤਾਂ ਸ਼ਾਇਦ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਪੁਲਸ ਦੀ ਮੌਜੂਦਗੀ ਵਧਾਈ ਜਾਵੇ, ਸ਼ੱਕੀ ਅਨਸਰਾਂ ’ਤੇ ਸਖ਼ਤ ਨਜ਼ਰ ਰੱਖੀ ਜਾਵੇ ਅਤੇ ਅਪਰਾਧੀਆਂ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕਰਕੇ ਲੋਕਾਂ ਦਾ ਭਰੋਸਾ ਮੁੜ ਬਹਾਲ ਕੀਤਾ ਜਾਵੇ।


author

Gurminder Singh

Content Editor

Related News