ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦੀ ਮੰਗ
Saturday, Jul 11, 2026 - 01:48 PM (IST)
ਕੋਟਕਪੂਰਾ (ਨਰਿੰਦਰ) : ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਦਉਨਤੀ ਅਤੇ ਸਿੱਧੀ ਭਰਤੀ ਰਾਹੀਂ ਭਰਨ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਬੜੇ ਜ਼ੋਰ-ਸ਼ੋਰ ਨਾਲ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਤਸਵੀਰ ਦਾ ਇਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੱਕੇ ਪ੍ਰਿੰਸੀਪਲ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰਬੰਧਕੀ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲੇ ਦੇ ਪਿੰਡ ਰਾਮੇਆਣਾ, ਰੋੜੀਕਪੂਰਾ, ਮੱਤਾ, ਚੰਦਭਾਨ, ਬਾਜਾਖਾਨਾ (ਕੁੜੀਆਂ), ਗੋਬਿੰਦਗੜ੍ਹ ਦਬੜੀਖਾਨਾ, ਝੱਖੜ ਵਾਲਾ, ਬਰਗਾੜੀ, ਜੈਤੋ (ਲੜਕੇ), ਜੈਤੋ (ਕੁੜੀਆਂ), ਹਰੀ ਨੌ, ਕੋਹਾਰਵਾਲਾ, ਵਾਂਦਰ ਜਟਾਣਾ, ਸਰਾਵਾਂ, ਪੰਜਗਰਾਈ ਕਲਾਂ (ਲੜਕੇ), ਮਚਾਕੀ ਕਲਾਂ, ਸਾਦਿਕ (ਕੁੜੀਆਂ), ਗੋਲੇਵਾਲਾ, ਢੁੱਡੀ, ਕੋਟ ਸੁਖੀਆ, ਜੰਡ ਸਾਹਿਬ, ਸ਼ੇਰ ਸਿੰਘ ਵਾਲਾ, ਸੁੱਖਣ ਵਾਲਾ, ਦੀਪ ਸਿੰਘ ਵਾਲਾ, ਫਰੀਦਕੋਟ (ਕੁੜੀਆਂ), ਬਲਬੀਰ ਫਰੀਦਕੋਟ, ਚੰਦ ਬਾਜਾ ਵਿਚ ਪ੍ਰਿੰਸੀਪਲ ਦੀਆਂ ਕੁੱਲ 27 ਅਸਾਮੀਆਂ ਬੜੇ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ, ਜਦਕਿ ਜ਼ਿਲਾ ਫਰੀਦਕੋਟ ’ਚ ਕੁੱਲ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਲਗਭਗ 65 ਫੀਸਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ।
ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲੇ ਵਿਚ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਦੀਆਂ ਆਸਾਮੀਆਂ ਵੀ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਧਿਆਨ ’ਚ ਆਇਆ ਹੈ ਕਿ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਵੱਡੇ ਪੱਧਰ ’ਤੇ ਖਾਲੀ ਹੋਣ ਕਰਕੇ ਮੌਜੂਦਾ ਸਮੇਂ ’ਚ ਕੰਮ ਕਰਦੇ ਪੱਕੇ ਪ੍ਰਿੰਸੀਪਲਾਂ ਨੂੰ 5-6 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਤੀ ਅਤੇ ਹੋਰ ਪ੍ਰਬੰਧਕੀ ਕਾਰਜ ਮੁਕੰਮਲ ਕਰਨ ਲਈ ਡੀ. ਡੀ. ਓ. ਪਾਵਰਜ਼ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਅਜਿਹਾ ਹੋਣ ਨਾਲ ਉਨਾਂ ਦੇ ਆਪਣੇ ਸਕੂਲਾਂ ਦੇ ਵਿੱਦਿਅਕ ਅਤੇ ਪ੍ਰਸ਼ਾਸਨਿਕ ਕੰਮ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੇ ਹਨ। ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਲੋਕ ਹਿੱਤ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਤੋਂ ਜਲਦੀ ਸੀਨੀਅਰ ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ’ਚੋਂ ਤਰੱਕੀਆਂ ਕਰ ਕੇ ਅਤੇ ਸਿੱਧੀ ਭਰਤੀ ਦੇ ਕੋਟੇ ਅਨੁਸਾਰ ਤੁਰੰਤ ਭਰੀਆਂ ਜਾਣ।
