ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

Sunday, Apr 02, 2023 - 12:21 PM (IST)

ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਬਠਿੰਡਾ (ਸੁਖਵਿੰਦਰ) : ਬਠਿੰਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ 'ਚ ਨੌਜਵਾਨ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਨੀਵਾਰ ਸਵੇਰੇ ਪਰਸ ਰਾਮ ਨਗਰ ਦੀ ਸਬਜ਼ੀ ਮੰਡੀ ਨਜ਼ਦੀਕ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਸਵਾਰ ਨੇ ਬਿਨਾਂ ਪਿੱਛੇ ਦੇਖੇ ਸੜਕ ਦੀ ਸਾਈਡ ਦਾ ਦਰਵਾਜ਼ਾ ਖੋਲ੍ਹ ਦਿੱਤਾ, ਇਸ ਦੌਰਾਨ ਸਕੂਟਰੀ ਸਵਾਰ ਕੁੜੀ ਕਾਰ ਦੇ ਦਰਵਾਜ਼ੇ ਨਾਲ ਜਾ ਟਕਰਾਈ ਅਤੇ ਸੜਕ 'ਤੇ ਡਿੱਗ ਗਈ ਅਤੇ ਪਿੱਛੋਂ ਆ ਰਹੀ ਟਰੈਕਟਰ-ਟਰਾਲੀ ਨੇ ਉਸਨੂੰ ਕੁਚਲ ਦਿੱਤਾ, ਜਦਕਿ ਕੁੜੀ ਦੇ ਪਿਤਾ ਸਮੇਤ 2 ਲੋਕ ਜ਼ਖ਼ਮੀ ਹੋ ਗਏ। ਸਹਾਰਾ ਜਨਸੇਵਾ ਦੇ ਨੌਜਵਾਨਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ- ਨਿੱਜੀ ਸਕੂਲਾਂ ਵਲੋਂ ਕਿਤਾਬਾਂ ਅਤੇ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਜਾਣਕਾਰੀ ਮੁਤਾਬਕ ਐਕਟਿਵਾ ’ਤੇ ਸਵਾਰ ਗੋਪਾਲ ਨਗਰ ਦਾ ਰਹਿਣ ਵਾਲਾ ਸ਼ਿਆਮ ਦੱਤ (60) ਆਪਣੀ ਕੁੜੀ ਜੋਤੀ ਮਿਸ਼ਰਾ (28) ਅਤੇ ਇਕ ਹੋਰ ਕੁੜੀ ਨਿਸ਼ਾ ਮਿਸ਼ਰਾ (20) ਪੁੱਤਰੀ ਚੰਦਰ ਮੋਹਨ ਨਾਲ ਸਕੂਟਰੀ ’ਤੇ ਜਾ ਰਹੇ ਸਨ। ਪਰਸਰਾਮ ਨਗਰ ਸਬਜ਼ੀ ਮੰਡੀ ਨਜ਼ਦੀਕ ਲੰਘਦੇ ਸਮੇਂ ਅਚਾਨਕ ਸੜਕ ਕਿਨਾਰੇ ਕਾਰ ਵਿਚ ਬੈਠੇ ਇਕ ਵਿਅਕਤੀ ਨੇ ਸੜਕ ਸਾਈਡ ਦਾ ਦਰਵਾਜ਼ਾ ਖੋਲ੍ਹ ਦਿੱਤਾ। ਅਚਾਨਕ ਦਰਵਾਜ਼ਾ ਖੁੱਲ੍ਹਣ ਕਾਰਨ ਸਕੂਟਰੀ ਸਵਾਰ ਉਕਤ ਵਿਅਕਤੀ ਕਾਰ ਦਰਵਾਜ਼ੇ ਨਾਲ ਟਕਰਾ ਗਏ, ਜਦਕਿ ਪਿੱਛੇ ਤੋਂ ਆ ਰਹੇ ਟਰੈਕਟਰ-ਟਰਾਲੀ ਨੇ ਕੁੜੀ ਨੂੰ ਕੁਚਲ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜੋਤੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੇ ਪਿਤਾ ਸ਼ਿਆਮ ਦੱਤ ਅਤੇ ਨਿਸ਼ਾ ਮਿਸ਼ਰਾ ਜ਼ੇਰੇ ਇਲਾਜ ਹਨ। 

ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੀ ਅਹਿਮ ਜਾਣਕਾਰੀ

ਦੱਸ ਦੇਈਏ ਕਿ ਜੋਤੀ ਪਹਿਲੇ ਦਿਨ ਹੀ ਪ੍ਰਾਈਵੇਟ ਨੌਕਰੀ ਜੁਆਇਨ ਕਰਨ ਲਈ ਜਾ ਰਹੀ ਸੀ ਅਤੇ ਉਸਦੇ ਪਿਤਾ ਉਸਨੂੰ ਛੱਡਣ ਜਾ ਰਹੇ ਸਨ ਪਰ ਇਸੇ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਸਿਵਲ ਹਸਪਤਾਲ ’ਚ ਕੁੜੀ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਹਾਦਸੇ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਨੂੰ ਵੀ ਭਾਰੀ ਸਦਮਾ ਲੱਗਾ। ਇਹ ਵੀ ਪਤਾ ਲੱਗਾ ਹੈ ਕਿ ਜ਼ਿਆਦਾ ਟ੍ਰੈਫਿਕ ਅਤੇ ਭੀੜ ਹੋਣ ਕਾਰਨ ਐਂਬੂਲੈਂਸ ਨੂੰ ਵੀ ਮੌਕੇ ’ਤੇ ਪਹੁੰਚਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News