ਪੰਜਾਬ ਭਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਸੰਗਰੂਰ ''ਚ 24 ਨੂੰ ਕਰਨਗੇ ਚੱਕਾ ਜਾਮ
Thursday, Dec 23, 2021 - 03:01 AM (IST)
ਸੰਗਰੂਰ (ਸਿੰਗਲਾ) - ਪੰਜਾਬ ਪੁਲਸ ਕਾਂਸਟੇਬਲ ਭਰਤੀ ਵਿੱਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਸੰਗਰੂਰ ਵਿਖੇ ਸੰਘਰਸ਼ ਕਰ ਰਹੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਅੱਜ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਤੇ ਹੋਮ ਮਨਿਸਟਰ ਨਾਲ ਮੀਟਿੰਗ ਨਾ ਹੋਈ ਤਾਂ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਭਰਤੀ ਵਿੱਚ ਹੋਈ ਘਪਲੇਬਾਜ਼ੀ ਦੇ ਸਾਰੇ ਡਾਕੂਮੈਂਟ ਜਨਤਕ ਕੀਤੇ ਜਾਣਗੇ। ਪੰਜਾਬ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਰਮਨਦੀਪ ਕੌਰ ਗਿੱਲ ਮਾਨਸਾ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ-ਬਾਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੀਟਿੰਗਾਂ ਕਰਨ ਲਈ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਕੋਈ ਵੀ ਮੀਟਿੰਗ ਵਿੱਚ ਮਸਲੇ ਦਾ ਹੱਲ ਨਹੀਂ ਹੋਇਆ ਅਤੇ ਬਹੁਤ ਸਾਰੀਆਂ ਮੀਟਿੰਗਾਂ ਹੀ ਨਹੀਂ ਹੋਈਆਂ। ਜਿਸ ਕਰਕੇ ਸੰਘਰਸ਼ ਕਰ ਰਹੇ ਨੌਜਵਾਨ ਲੜਕੇ ਅਤੇ ਲੜਕੀਆਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੁੱਸੇ ਦੀ ਲਹਿਰ ਹੋਰ ਵੀ ਤੇਜ਼ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਚੰਡੀਗੜ੍ਹ ਮੀਟਿੰਗ ਵਿਚ ਕੋਈ ਵੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ 24 ਦਸੰਬਰ ਨੂੰ ਪੂਰੇ ਪੰਜਾਬ ਭਰ ਦੀਆਂ ਟੀਮਾਂ ਸੰਗਰੂਰ ਵਿਖੇ ਪੁੱਜਣਗੀਆਂ ਅਤੇ ਸੰਗਰੂਰ ਵਿੱਚ ਚੱਕਾ ਜਾਮ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਂਦ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇਣ ਦੇ ਜੋ ਵਾਅਦੇ ਲੋਕਾਂ ਨਾਲ ਕਰਕੇ ਸੱਤਾ ਵਿਚ ਆਈ ਸੀ ਉਨ੍ਹਾਂ ਸਾਰੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਅੱਜ ਦੇ ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਮਾਨਸਾ ਦੇ ਆਗੂ ਸੁਖਦੇਵ ਸਿੰਘ, ਅਜਾਇਬ ਸਿੰਘ, ਭੂਰਾ ਸਿੰਘ ਪਿੱਪਲੀਆ ਮਾਨਸਾ ਤੋਂ ਇਲਾਵਾ ਸਾਬਕਾ ਸੈਨਿਕ ਅਜਮੇਰ ਸਿੰਘ ਧੂਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੀਨਾ ਰਾਣੀ ਮਾਨਸਾ, ਦਵਿੰਦਰ ਖੰਨਾ, ਦਵਿੰਦਰ ਧੂਰੀ, ਹਰਪ੍ਰੀਤ ਕੌਰ, ਸੰਦੀਪ ਕੌਰ, ਪ੍ਰਦੀਪ ਸਿੰਘ, ਮਹਿਕਦੀਪ ਕੌਰ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।