ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Saturday, Jan 04, 2020 - 07:40 PM (IST)

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਸੁਭਾਨਪੁਰ, (ਸਤਨਾਮ)— ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਮੁਰਾਰ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨ (17) ਦੇ ਪਿਤਾ ਸੁਰਜੀਤ ਸਿੰਘ ਤੇ ਸਾਬਕਾ ਸਰਪੰਚ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਰਮਨ ਕੁਮਾਰ ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਸੀ ਤੇ ਬੀਤੇ ਦਿਨੀਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਤੇ ਉਸ ਨੂੰ ਹਾਰਟ ਅਟੈਕ ਵੀ ਹੋ ਗਿਆ। ਪਰਿਵਾਰਿਕ ਮੈਂਬਰਾਂ ਵਲੋਂ ਰਮਨ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਵਿਖੇ ਰੈਫਰ ਕੀਤਾ। ਗਰੀਬ ਪਰਿਵਾਰ ਹੋਣ ਕਾਰਨ ਪਰਿਵਾਰਿਕ ਮੈਂਬਰ ਰਮਨ ਨੂੰ ਘਰ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ। ਸਾਬਕਾ ਸਰਪੰਚ ਗੁਰਇਕਬਾਲ ਸਿੰਘ ਨੇ ਦੱਸਿਆ ਕੇ ਰਮਨ ਨਸ਼ੀਲੇ ਪਦਾਰਥ ਦੇ ਟੀਕੇ ਲਗਾਉਣ ਕਾਰਨ ਏਡਜ਼ ਵਰਗੀ ਭਿਆਨਕ ਬਿਮਾਰੀ ਦਾ ਵੀ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਪਿੰਡ 'ਚ ਇਸ ਤੋਂ ਪਹਿਲਾ ਵੀ 3 ਨੌਜਵਾਨ ਨਸ਼ਿਆਂ ਦਾ ਸੇਵਨ ਕਰਕੇ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪੁਰਜੋਰ ਸ਼ਬਦਾਂ 'ਚ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਾ ਵੇਚਣ ਵਾਲੇ ਸੁਦਾਗਰਾ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।


author

KamalJeet Singh

Content Editor

Related News