ਠੀਕਰੀ ਪਹਿਰੇ ਸਬੰਧੀ ਪ੍ਰੇਸ਼ਾਨ ਕਰਨ ’ਤੇ ਨੌਜਵਾਨ ਨੇ ਲਿਆ ਫਾਹਾ, ਮੌਤ
Thursday, Apr 16, 2020 - 08:05 PM (IST)
ਗੁਰਦਾਸਪੁਰ (ਵਿਨੋਦ) - ਥਾਣਾ ਭੈਣੀ ਮੀਆਂ ਖਾਂ ’ਚ ਪੈਂਦੇ ਪਿੰਡ ਦਤਾਰਪੁਰ ਵਿਖੇ ਪਿੰਡ ਦੇ ਪੰਚ ਅਤੇ ਉਸ ਦੇ ਭਤੀਜੇ ਵਲੋਂ ਇਕ ਨੌਜਵਾਨ ਨੂੰ ਠੀਕਰੀ ਪਹਿਰਾ ਦੇਣ ਲਈ ਪ੍ਰੇਸ਼ਾਨ ਕਰਨ ਦੇ ਚੱਕਰ ਵਿਚ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (18) ਪੁੱਤਰ ਸਰਵਨ ਸਿੰਘ ਵਾਸੀ ਦਤਾਰਪੁਰ ਵਜੋਂ ਹੋਈ ਹੈ। ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਇੰਚਾਰਜ ਸੁਦੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੀ ਚਾਚੀ ਬਲਵਿੰਦਰ ਕੌਰ ਪਤਨੀ ਜਸਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਭਤੀਜਾ ਜਸਵਿੰਦਰ ਪਿੰਡ ਵਿਚ ਲੱਗੇ ਠੀਕਰੀ ਪਹਿਰੇ ਵਿਚ ਡਿਊਟੀ ਦਿੰਦਾ ਸੀ। ਪਿਛਲੇ ਕਈ ਦਿਨਾਂ ਤੋਂ ਉਹ ਡਿਊਟੀ ਨਹੀਂ ਸੀ ਦੇ ਰਿਹਾ।
ਉਸ ਨੇ ਦੱਸਿਆ ਕਿ ਪੰਚ ਲਖਵਿੰਦਰ ਸਿੰਘ ਪੁੱਤਰ ਸਰਦਾਰ ਸਿੰਘ ਅਤੇ ਉਸ ਦਾ ਭਤੀਜਾ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਮ੍ਰਿਤਕ ਜਸਵਿੰਦਰ ਨੂੰ ਪ੍ਰੇਸ਼ਾਨ ਕਰਦੇ ਸਨ, ਜਿਸ ਕਰਕੇ ਉਸ ਨੇ ਡਿਊਟੀ ’ਤੇ ਜਾਣਾ ਛੱਡ ਦਿੱਤਾ। ਬੀਤੇ ਦਿਨ ਵੀ ਉਕਤ ਲੋਕਾਂ ਨੇ ਸਾਡੇ ਘਰ ਆ ਕੇ ਜਸਵਿੰਦਰ ਸਿੰਘ ਨਾਲ ਗਾਲੀ-ਗਲੋਚ ਕੀਤਾ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੇ ਪੰਚ ਅਤੇ ਉਸ ਦੇ ਭਤੀਜੇ ਤੋਂ ਤੰਗ ਆ ਕੇ ਬੀਤੀ ਦੇਰ ਸ਼ਾਮ 7 ਵਜੇ ਘਰ ਵਿਚ ਹੀ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਜਿਨ੍ਹਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਹ ਫਰਾਰ ਹੋ ਗਏ ਹਨ।