ਬਾਂਦਰਾਂ ਦੇ ਹਮਲੇ ਤੋਂ ਡਰਦਾ ਨੌਜਵਾਨ ਡਿੱਗਿਆ ਨਹਿਰ ''ਚ, ਹੋਈ ਮੌਤ
Monday, Jul 02, 2018 - 08:15 AM (IST)
ਧਨੌਲਾ (ਰਵਿੰਦਰ) : ਕੁੱਬੇ ਪਿੰਡ ਦੇ ਇਕ ਨੌਜਵਾਨ ਦੀ ਹਰੀਗੜ੍ਹ ਨਹਿਰ 'ਚ ਡਿੱਗਣ ਨਾਲ ਮੌਤ ਹੋ ਗਈ ਜਿਸ ਦਾ ਕਾਰਨ ਹਰੀਗੜ੍ਹ ਨਹਿਰ ਕੋਲ ਰਹਿੰਦਾ ਖੂੰਖਾਰ ਬਾਂਦਰਾਂ ਦਾ ਝੁੰਡ ਬਣਿਆ। ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵਿੰਦਰ ਸਿਘ ਜੱਸੀ (20) ਦੇ ਪਿਤਾ ਗੁਰਬਖਸ਼ ਸਿੰਘ ਵਾਸੀ ਕੁੱਬੇ ਨੇ ਦੱਸਿਆ ਕਿ ਉਸ ਦਾ ਪੁੱਤਰ ਅੱਠਵੇਂ ਮਹੀਨੇ ਹੋਣ ਵਾਲੀ ਫੌਜ ਦੀ ਭਰਤੀ ਦੇ ਟੈਸਟ ਦੀ ਤਿਆਰੀ ਕਰਨ ਲਈ ਹਰ ਰੋਜ਼ ਆਪਣੇ ਦੋਸਤਾਂ ਨਾਲ ਨਹਿਰ ਦੀ ਪੱਟੜੀ ਉਪਰ ਦੌੜ ਲਗਾਉਣ ਜਾਇਆ ਕਰਦਾ ਸੀ। ਕੱਲ੍ਹ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਨਹਿਰ ਨਜ਼ਦੀਕ ਬਣੇ ਗਰਾਊਂਡ ਵਿਚ ਆਪਣਾ ਲੋਅਰ, ਮੋਬਾਇਲ ਸਾਇਕਲ ਰੱਖ ਕੇ ਆਪਣੇ ਦੋਸਤਾਂ ਤੋਂ ਪਹਿਲਾਂ ਹੀ ਇਕੱਲਾ ਦੌੜ ਲਾਉਣ ਗਿਆ ਤਾਂ ਜਦੋਂ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੇ ਦੋਸਤਾਂ ਨੇ ਇਸ ਦੀ ਇਤਲਾਹ ਉਸ ਦੇ ਮਾਪਿਆਂ ਨੂੰ ਦਿੱਤੀ ਜੋ ਪਿੰਡ ਵਾਸੀਆਂ ਦੀ ਮਦਦ ਨਾਲ ਲੱਭਣ ਲੱਗੇ। ਜਦੋਂ ਉਹ ਨਹਿਰ ਦੀ ਪੱਟੜੀ ਉਪਰੋਂ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਉਪਰ ਬਾਂਦਰਾਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਸਮਝ ਆਈ ਕਿ ਉਹ ਬਾਂਦਰਾਂ ਦੇ ਹਮਲੇ ਤੋਂ ਡਰਦਾ ਨਹਿਰ 'ਚ ਛਾਲ ਮਾਰ ਗਿਆ। ਤੈਰਨਾ ਨਾ ਆਉਣ ਕਾਰਨ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਅੱਜ ਬਰਾਮਦ ਹੋਈ ਜਿਸ ਕਾਰਨ ਕੁੱਬੇ ਪਿੰਡ 'ਚ ਸੋਗ ਅਤੇ ਬਾਂਦਰਾਂ ਦੀ ਦਹਿਸ਼ਤ ਪ੍ਰਤੀ ਰੋਸ ਦੇਖਣ ਨੂੰ ਮਿਲਿਆ।
ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਬਾਂਦਰਾਂ ਦੇ ਹਮਲਿਆਂ ਸਬੰਧੀ ਅਸੀਂ ਜੰਗਲਾਤ ਮਹਿਕਮਾ, ਡਿਪਟੀ ਕਮਿਸ਼ਨਰ ਨੂੰ ਲਿਖਤੀ ਸੂਚਨਾ ਦੇ ਚੁੱਕੇ ਹਾਂ ਕਿ ਬਾਂਦਰ ਅਕਸਰ ਘਰਾਂ 'ਚ ਆ ਕੇ ਔਰਤਾਂ ਬੱਚਿਆ 'ਤੇ ਕਈ ਵਾਰ ਹਮਲਾ ਕਰਕੇ ਜ਼ਖਮੀ ਕਰ ਚੁੱਕੇ ਹਨ ਜਿਸ ਕਾਰਨ ਹਰ ਸਮੇਂ ਬਾਂਦਰਾਂ ਦੀ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਇਨ੍ਹਾਂ ਦੇ ਹਮਲੇ ਨੇ ਸਾਡੇ ਪਿੰਡ ਦਾ ਇਕ ਹੋਣਹਾਰ ਨੌਜਵਾਨ ਵੀ ਮੌਤ ਦੇ ਮੂੰਹ ਪਹੁੰਚਾ ਦਿੱਤਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪਿੰਡ ਸਮੇਤ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਬਾਂਦਰਾਂ ਦੇ ਹਮਲਿਆਂ ਤੋਂ ਨਿਜ਼ਾਤ ਦੁਆਈ ਜਾਵੇ।
