ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਨੇ ਗਰੀਬ ਮਜਦੂਰ ਦੇ ਘਰ ਨੂੰ ਲਈ ਅੱਗ

02/22/2018 11:33:36 AM

ਭਿੰਡੀ ਸੈਦਾ (ਗੁਰਜੰਟ) - ਅੰਮ੍ਰਿਤਸਰ ਦੇ ਪੁਲਸ ਥਾਣਾ ਭਿੰਡੀ ਸੈਦਾ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕਲਾਂ ਵਿਖੇ ਇਕ ਨੌਜਵਾਨ ਵਲੋਂ ਪੁਰਾਣੀ ਰੰਜਿਸ਼ ਕਾਰਨ ਗਰੀਬ ਮਜਦੂਰ ਦੇ ਘਰ ਨੂੰ ਅੱਗ ਲਗਾ ਕੇ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਸਾਧਾ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਛੰਨ ਕਲਾ ਨੇ ਗੁਰਮੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ 'ਤੇ ਦੋਸ਼ ਲਾਇਆ ਕਿ ਕੁਝ ਮਹੀਨੇ ਪਹਿਲਾਂ ਗੁਰਮੀਤ ਸਿੰਘ ਨੇ ਮੇਰੀ ਲੜਕੀ ਨਾਲ ਜ਼ਬਰਦਸਤੀ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਲੜਕੀ ਦੇ ਕਪੜੇ ਪਾੜੇ ਸਨ। ਜਿਸ ਦੇ ਸੰਬੰਧ ਵਿਚ ਉਕਤ ਨੌਜਵਾਨ ਨੂੰ ਪੁਲਸ ਥਾਣਾ ਭਿੰਡੀ ਸੈਦਾ ਵਿਖੇ ਫੜਾਉਣ ਤੋਂ ਬਾਅਦ ਪਿੰਡ ਦੀ ਸਮੂਹ ਪੰਚਾਇਤ ਤੇ ਹੋਰ ਮੋਹਤਬਰਾਂ ਦੇ ਕਹਿਣ 'ਤੇ ਮਾਫੀ ਮੰਗਣ ਕਾਰਨ ਛੱਡ ਦਿੱਤਾ ਸੀ ਪਰ ਉਸ ਦਿਨ ਤੋਂ ਬਾਅਦ ਉਕਤ ਨੌਜਵਾਨ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ ਕਿ ਤੁਸੀਂ ਉਸ ਦੀ ਬੇਜ਼ਤੀ ਸਮੂਹ ਪਿੰਡ ਵਾਸੀਆਂ ਸਾਹਮਣੇ ਕਾਰਵਾਈ ਹੈ ਤੇ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਅੱਗ ਲਾ ਕੇ ਸਾੜ ਦੇਵਾਂਗਾ । ਇਸ ਤੋਂ ਬਾਅਦ ਬੀਤੀ 15 ਫਰਵਰੀ ਨੂੰ ਮੇਰਾ ਪਰਿਵਾਰ ਜਲੰਧਰ ਆਲੂਆਂ ਦੀ ਲੇਵਰ ਨਾਲ ਕੰਮ ਕਰਨ ਗਿਆ ਹੋਣ ਕਾਰਨ ਮੈਂ ਆਪਣੇ ਘਰ ਦਾ ਦਰਵਾਜਾ ਬੰਦ ਕਰਕੇ ਆਪਣੇ ਪੁੱਤਰ ਦੇ ਘਰ ਸੁੱਤਾ ਹੋਇਆ ਸੀ ਕਿ ਰਾਤ 12 ਵਜੇ ਦੇ ਕਰੀਬ ਉਕਤ ਨੌਜਵਾਨ ਨੇ ਸਾਡੇ ਘਰ ਨੂੰ ਅੱਗ ਲਗਾ ਦਿੱਤੀ। ਅੱਗ ਇਨੀ ਭਿਆਨਕ ਸੀ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਕਰੀਬ 2 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ ਅੰਦਰ ਪਿਆ ਸਾਮਾਨ ਇਕ ਮੋਟਰਸਾਈਕਲ, ਅਲਮਾਰੀ, 4 ਮੰਜੇ, ਬਿਸਤਰੇ ਤੇ ਹੋਰ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਤੋਂ ਬਾਅਦ 16 ਫਰਵਰੀ ਨੂੰ ਪੁਲਸ ਥਾਣਾ ਭਿੰਡੀ ਸੈਦਾ ਵਿਖੇ ਉਕਤ ਗੁਰਮੀਤ ਸਿੰਘ ਦੇ ਖਿਲਾਫ ਦਰਖਾਸਤ ਦਿੱਤੀ ਸੀ ਪਰ ਇਕ ਹਫਤਾ ਬੀਤ ਜਾਣ 'ਤੇ ਵੀ ਪੁਲਸ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਦਕਿ ਦੂਜੀ ਧਿਰ ਦੇ ਕੁਲਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਗੁਰਮੀਤ ਸਿੰਘ ਇਸ ਘਟਨਾ ਵਾਲੇ ਦਿਨ ਜਲੰਧਰ ਲੇਵਰ ਨਾਲ ਕੰਮ 'ਤੇ ਗਿਆ ਹੋਇਆ ਸੀ। ਉਸ ਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਤਫਤੀਸ਼ ਕੀਤੀ ਜਾ ਰਹੀ ਹੈ ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ।


Related News