ਨੂੰਹ ਅਤੇ ਉਸ ਦੇ ਸਾਥੀਆਂ ਤੋਂ ਤੰਗ ਸਹੁਰੇ ਨੇ ਤੇਲ ਪਾ ਕੇ ਆਪਣੇ ਆਪ ਨੂੰ ਲਾ ਲਈ ਅੱਗ

06/17/2024 6:30:22 PM

ਪਾਤੜਾਂ (ਚੋਪੜਾ) : ਸਥਾਨਕ ਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਆਪਣੀ ਨੂੰਹ ਅਤੇ ਉਸ ਦੇ ਸਾਥੀਆਂ ਤੋਂ ਤੰਗ ਆ ਕੇ ਆਪਣੇ ਆਪ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਉਸ ਦੀ ਨੂੰਹ ਸਮੇਤ 7 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਹਸਪਤਾਲ ’ਚ ਇਲਾਜ ਅਧੀਨ ਧਰਮਪਾਲ ਪੁੱਤਰ ਭਗਤ ਰਾਮ ਵਾਸੀ ਅਨੰਦ ਬਸਤੀ ਪਾਤੜਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰੀ ਨੂੰਹ ਲੱਬੀ ਨਾਮ ਦੇ ਵਿਅਕਤੀ ਨਾਲ ਗਲਤ ਸੀ, ਜਿਸ ਦੀ ਬੇਸ਼ਰਮੀ ਕਾਰਨ ਹੀ ਮੇਰਾ ਲੜਕਾ ਮਰ ਗਿਆ ਸੀ। 15 ਜੂਨ ਸ਼ਾਮ ਕਰੀਬ 9 ਵਜੇ ਮੇਰੀ ਨੂੰਹ ਅਤੇ ਇਸ ਦੇ ਹੋਰ ਸਾਥ ਦੇਣ ਵਾਲੇ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਇਹ ਕਹਿਣ ਲੱਗ ਪਏ ਕਿ ਤੁਸੀਂ ਸਾਡਾ ਕੀ ਕਰ ਲਿਆ।

ਇਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਮੈਂ ਆਪਣੇ ਉਪਰ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ ਅਤੇ ਮੌਕੇ ’ਤੇ ਮੇਰੇ ਘਰ ਵਾਲਿਆਂ ਨੇ ਅੱਗ ਬੁਝਾ ਦਿੱਤੀ ਅਤੇ ਇਲਾਜ ਲਈ ਮੈਨੂੰ ਸਿਵਲ ਹਸਪਤਾਲ ਪਾਤੜਾਂ ਵਿਖੇ ਦਾਖਲ ਕਰਵਾਇਆ। ਸਿਟੀ ਇੰਚਾਰਜ ਪਾਤੜਾਂ ਦੇ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਭਗਤ ਰਾਮ ਦੇ ਬਿਆਨਾਂ ’ਤੇ ਲਵਪ੍ਰੀਤ ਸਿੰਘ ਲੱਬੀ, ਬਿੰਦਰ, ਸੁੱਖੋ, ਪਿੰਕੀ, ਸੁਖਮਾ, ਰੀਨਾ, ਮਾਣਾ, ਵਾਸੀਆਨ ਪਾਤੜਾਂ ਖਿਲਾਫ ਕੇਸ ਦਰਜ ਕਰ ਕੇ ਇਨ੍ਹਾਂ ’ਚੋਂ ਲਵਪ੍ਰੀਤ ਸਿੰਘ ਲੱਬੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਨਾਮਜ਼ਦ ਔਰਤਾਂ ਅਤੇ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Gurminder Singh

Content Editor

Related News