ਲੜਾਈ ਝਗੜੇ ਕਾਰਨ ਰੁੱਸ ਕੇ ਪੇਕੇ ਗਈ ਪਤਨੀ, ਪਿੱਛੋਂ ਪਤੀ ਨੇ ਸਮਾਨ ਨੂੰ ਲਗਾ ਦਿੱਤੀ ਅੱਗ
Thursday, Jun 06, 2024 - 02:24 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਤੀ ਵਲੋਂ ਪਤਨੀ ਦੀ ਕੁੱਟਮਾਰ ਅਤੇ ਉਸਦਾ ਸਮਾਨ ਸਾੜਨ ਦੇ ਦੋਸ਼ ਵਿਚ ਪੁਲਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਪੁਲਸ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਪਰਮੇਸ਼ਵਰੀ ਪਤਨੀ ਗੁਰਵਿੰਦਰ ਸਿੰਘ ਵਾਸੀ ਕਾਹਨੇਕੇ ਨੇ ਬਿਆਨ ਦਰਜ ਕਰਵਾਏ ਕਿ 3 ਜੂਨ ਨੂੰ ਉਸਦੇ ਪਤੀ ਗੁਰਵਿੰਦਰ ਸਿੰਘ ਨੇ ਲੜਾਈ ਝਗੜਾ ਕੀਤਾ ਤਾਂ ਮੈਂ ਆਪਣੇ ਪਿੰਡ ਕਾਲੇਕੇ ਆ ਗਈ।
5 ਜੂਨ ਨੂੰ ਮੇਰੇ ਸਹੁਰੇ ਪਰਿਵਾਰ ਨੇ ਫੋਨ ਕੀਤਾ ਕਿ ਤੇਰੇ ਪਤੀ ਨੇ ਤੇਰੇ ਘਰ ਦੇ ਸਮਾਨ ਨੂੰ ਅੱਗ ਲਾ ਦਿੱਤੀ ਹੈ। ਜਦੋਂ ਮੈਂ ਆਪਣੇ ਭਰਾ ਸਮੇਤ ਆਪਣੇ ਸਹੁਰੇ ਘਰ ਆਈ ਤਾਂ ਮੇਰੇ ਵਿਆਹ ਸਮੇਂ ਦਾ ਦਿੱਤਾ ਸਮਾਨ ਸੜਿਆ ਹੋਇਆ ਸੀ। ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।