ਨਸ਼ੇ ਦੀ ਲੋਰ ਵਿਚ ਨਸ਼ੇੜੀ ਨੇ ਗੁਆਂਢੀਆਂ ਦੇ ਘਰ ਨੂੰ ਲਗਾਈ ਅੱਗ, 15 ਲੱਖ ਦਾ ਨੁਕਸਾਨ

05/31/2024 6:17:36 PM

ਫਿਲੌਰ (ਭਾਖੜੀ) : ਅੱਪਰਾ ਦੇ ਨਜ਼ਦੀਕੀ ਪਿੰਡ ਮੰਡੀ ਵਿਖੇ ਇਕ ਨਸ਼ੇੜੀ ਨੇ ਨਸ਼ੇ ਦੀ ਓਵਰਡੋਜ਼ 'ਚ ਅਜੀਬੋ ਗਰੀਬ ਹਰਕਤ ਕਰਦਿਆਂ ਬੀਤੀ ਰਾਤ ਇਕ ਘਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਣ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਾਬਕਾ ਸਰਪੰਚ ਧਰਮਪਾਲ ਦੇ ਭਤੀਜੇ ਧੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਜੀ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਬੇਟੇ ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਨਵਦੀਪ ਕੁਮਾਰ ਤੇ ਈਸ਼ਵਰਦੀਪ ਸਾਰੇ ਯੂਰੋਪ ਰਹਿੰਦੇ ਹਨ। ਇਸ ਸਮੇਂ ਉਨ੍ਹਾਂ ਦੇ ਘਰ 'ਚ ਪ੍ਰਦੀਪ ਦੀ ਪਤਨੀ ਪ੍ਰਵੀਨ ਕੁਮਾਰੀ ਤੇ ਲੜਕਾ ਆਕਾਸ਼ਦੀਪ, ਨਵਦੀਪ ਕੁਮਾਰ ਦੀ ਪਤਨੀ ਅਨੀਤਾ ਰਾਣੀ ਤੇ ਉਨ੍ਹਾਂ ਦੀ ਲੜਕੀ ਹਿਮਾਸ਼ੀ ਹੀ ਰਹਿੰਦੇ ਹਨ।

ਸਮੂਹ ਪਰਿਵਾਰਿਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਬੀਤੀ 29 ਮਈ ਦੀ ਰਾਤ ਉਨ੍ਹਾਂ ਦੇ ਪਿੰਡ ਦੇ ਹੀ ਵਸਨੀਕ ਇਕ ਨਸ਼ੇੜੀ ਰਾਜ ਕੁਮਾਰ ਧੀਮਾਨ ਪੁੱਤਰ ਗੁਰਦਿਆਲ ਦਾਲੋ ਵਾਸੀ ਪਿੰਡ ਮੰਡੀ, ਜੋ ਕਿ ਦਿਨ ਰਾਤ ਨਸ਼ੇ ਕਰਨ ਦਾ ਆਦੀ ਹੈ, ਨੇ ਘਰ ਦੇ ਪਿਛਲੇ ਪਾਸੇ ਸਥਿਤ ਵੱਡੀ ਹਵੇਲੀ ਨੂੰ ਪਿੱਛਿਓਂ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਣ ਫੋਰਡ ਟਰੈਕਟਰ ਕੀਮਤ ਲਗਭਗ 7 ਲੱਖ ਰੁਪਏ, ਦੋ ਡਰੰਮ ਬੋਰੀਆਂ, ਇਕ ਪੱਠਿਆਂ ਵਾਲਾ ਰੇਹੜਾ, ਤੂੜੀ ਲਗਭਗ 15 ਟਰਾਲੀਆਂ, ਲਗਭਗ 20 ਖਣਾਂ ਦੇ ਬਾਲਿਆਂ ਨੂੰ ਅੱਗ ਲੱਗ ਗਈ ਅਤੇ ਕਮਰੇ ਡਿੱਗ ਗਏ। ਪੇੜੇ ਤੇ ਫੀਡ ਦੇ ਬੋਰ, ਟੋਕਾਂ ਮਸ਼ੀਨ ਦੀ ਮੋਟਰ ਟੀਨਾਂ ਤੇ ਹੋਰ ਖੇਤੀ ਦਾ ਤੇ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਰਾਤ ਦਿਨ ਕਰਕੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਅੱਗ ਅਜੇ ਤੱਕ ਵੀ ਸੁਲਗ ਰਹੀ ਹੈ।  

ਪੀੜਤ ਪਰਿਵਾਰ ਨੇ ਕੀਤੀ ਸਖਤ ਕਾਰਵਾਈ ਤੇ ਮੁਆਵਜ਼ੇ ਦੀ ਮੰਗ

ਪੀੜਤ ਪਰਿਵਾਰ ਨੇ ਕਿਹਾ ਕਿ ਅੱਗ ਲੱਗਣ ਕਾਰਣ ਉਨ੍ਹਾਂ ਦਾ ਲਗਭਗ 15 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਘਟਨਾ ਦੇ ਸੰਬੰਧ 'ਚ ਅੱਪਰਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਮੂਹ ਪਰਿਵਾਰਿਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਾਨੂੰ ਨੁਕਸਾਨ ਦਾ ਮੁਆਵਜ਼ਾ ਦਵਾਇਆ ਜਾਵੇ।  

ਕੀ ਕਹਿਣਾ ਹੈ ਚੌਂਕੀ ਇੰਚਾਰਜ ਅੱਪਰਾ ਦਾ

ਇਸ ਸੰਬੰਧ 'ਚ ਜਦੋਂ ਪੁਲਸ ਚੌਂਕੀ ਅੱਪਰਾ ਦੇ ਇੰਚਾਰਜ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ | 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਕਾਰਣ ਸਰਕਾਰੀ ਡਿਊਟੀ 'ਚ ਰੁੱਝੇ ਹੋਏ ਹੋਣ ਕਾਰਣ ਦੋਵਾਂ ਧਿਰਾਂ ਨੂੰ ਐਤਵਾਰ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੀੜਤ ਪਰਿਵਾਰ ਨੂੰ  ਪੂਰਾ ਇਨਸਾਫ਼ ਦਵਾਇਆ ਜਾਵੇਗਾ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 


Gurminder Singh

Content Editor

Related News