ਵਤਨ ਵਾਪਸੀ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
Sunday, Jan 30, 2022 - 02:55 PM (IST)
ਅਜਨਾਲਾ/ਚਮਿਆਰੀ (ਸੰਧੂ) : ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਪਿੰਡ ਮੋਹਨ ਭੰਡਾਰੀਆਂ ਵਿਖੇ ਪੁੱਜਾ। ਜਿੱਥੇ ਪਰਿਵਾਰਕ ਮੈਂਬਰਾਂ ਵਲੋਂ ਗਮਗੀਨ ਮਾਹੌਲ ’ਚ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਦੀ ਕੋਸ਼ਿਸ਼ ’ਚ ਕੁਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਦੁਬਈ ਦੀ ਇਕ ਕੰਪਨੀ ’ਚ ਬਤੌਰ ਡਰਾਈਵਰ ਕੰਮ ਕਰਦਾ ਸੀ ਪਰ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ’ਚ ਉਸ ਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਜੁਆਬ ਦੇ ਦਿੱਤਾ ਸੀ। ਜਿਸ ਕਾਰਨ ਉਸ ਨੇ ਵਾਪਸ ਪੰਜਾਬ ਆਪਣੇ ਘਰ ਆਉਣ ਲਈ ਬੀਤੀ 18 ਜਨਵਰੀ ਦੀ ਟਿਕਟ ਵੀ ਖਰੀਦ ਲਈ ਸੀ ਪਰ ਕੰਮ ਖੁੱਸਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਰਣਜੀਤ ਸਿੰਘ 16 ਜਨਵਰੀ ਨੂੰ ਅਚਾਨਕ ਚੱਕਰ ਖਾ ਕੇ ਜ਼ਮੀਨ ’ਤੇ ਡਿੱਗ ਪਿਆ, ਜਿਸ ਦੀ 17 ਜਨਵਰੀ ਨੂੰ ਹਪਸਤਾਲ ’ਚ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਕੀਰਣੇ, ਵਿਆਹ ਤੋਂ ਦੋ ਦਿਨ ਬਾਅਦ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨਾਲ ਰਣਜੀਤ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਕਰਕੇ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ’ਚ ਸਹਿਯੋਗ ਕਰਨ ਲਈ ਕਿਹਾ ਸੀ। ਜਿਸ ’ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਰਣਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਦੁਬਈ ਤੋਂ ਭਾਰਤ ਉਸ ਦੇ ਜੱਦੀ ਪਿੰਡ ਮੋਹਨ ਭੰਡਾਰੀਆਂ ਵਿਖੇ ਭੇਜਿਆ ਹੈ।
ਇਹ ਵੀ ਪੜ੍ਹੋ : ਪੰਜਾਬ ਚੋਣਾਂ ਦੀ ਸਰਵੇ ਰਿਪੋਰਟ ਸਬੰਧੀ ‘ਮੁਸ਼ਕਲ’ ’ਚ ਭਾਜਪਾ, ਜੁਟੀ ਡੈਮੇਜ ਕੰਟਰੋਲ ’ਚ
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਸੀਨੀਅਰ ਅਹੁਦੇਦਾਰ ਡਾ.ਸਤਨਾਮ ਸਿੰਘ ਨਿੱਝਰ, ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਨਵਜੀਤ ਸਿੰਘ ਘਈ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਦਿਆਂ ਟਰੱਸਟ ਮੁਖੀ ਡਾ.ਓਬਰਾਏ ਵੱਲੋਂ ਮ੍ਰਿਤਕ ਦੀ ਪਤਨੀ ਨੂੰ 2500 ਰੁਪਏ ਜਦ ਕਿ ਉਸ ਦੀ ਬਜ਼ੁਰਗ ਮਾਤਾ ਨੂੰ 1000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਜਿਸ ਦਾ ਪਹਿਲਾ ਚੈੱਕ ਅੱਜ ਹੀ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 289 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਇਸ ਦੌਰਾਨ ਮ੍ਰਿਤਕ ਰਣਜੀਤ ਸਿੰਘ ਦੀ ਬਜ਼ੁਰਗ ਵਿਧਵਾ ਮਾਂ ਨਰਿੰਦਰ ਕੌਰ, ਪਤਨੀ ਮਨਪ੍ਰੀਤ ਕੌਰ, ਤਾਇਆ ਸੂਬਾ ਸਿੰਘ, ਚਾਚਾ ਗੁਰਮੀਤ ਸਿੰਘ, ਭਰਾ ਬਿਕਰਮਜੀਤ ਸਿੰਘ, ਜਸਬੀਰ ਸਿੰਘ, ਰਾਜਬੀਰ ਸਿੰਘ ਹੈਪੀ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ ’ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਦਾਅਵਾ, ਵਾਅਦੇ ਪੂਰੇ ਨਾ ਹੋਏ ਤਾਂ ਛੱਡ ਦੇਵਾਂਗਾ ਸਿਆਸਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?