ਟ੍ਰੈਕਟਰ-ਟਰਾਲੀ ਨੇ ਨੌਜਵਾਨ ਕੁਚਲਿਆ, ਮੌਤ
Saturday, Dec 29, 2018 - 04:02 PM (IST)

ਮਾਛੀਵਾੜਾ ਸਾਹਿਬ (ਟੱਕਰ) : ਸ਼ਨੀਵਾਰ ਸਵੇਰੇ 8 ਵਜੇ ਨੇੜਲੇ ਪਿੰਡ ਲੁਬਾਣਗੜ੍ਹ ਨੇੜੇ ਇਕ ਟ੍ਰੈਕਟਰ-ਟਰਾਲੀ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਸਿਮਰਨਜੀਤ ਸਿੰਘ (22) ਵਾਸੀ ਲੁਬਾਣਗੜ੍ਹ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਦੀ ਮੌਤ ਤੋਂ ਬਾਅਦ ਭੜਕੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜੋ ਕਿ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ, ਸਵੇਰੇ 8 ਵਜੇ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਨਿਕਲਿਆ ਕਿ ਪਿੰਡ ਤੋਂ ਕੁੱਝ ਹੀ ਦੂਰੀ 'ਤੇ ਸਤਲੁਜ ਦਰਿਆ ਵੱਲ ਭਰਨ ਜਾ ਰਹੀ ਰੇਤੇ ਦੀ ਟ੍ਰੈਕਟਰ-ਟਰਾਲੀ ਨੇ ਉਸ ਨੂੰ ਕੁਚਲ ਦਿੱਤਾ। ਇਸ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟ੍ਰੈਕਟਰ-ਟਰਾਲੀ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਆਪਣੇ ਵਾਹਨ ਨੂੰ ਭਜਾ ਕੇ ਲੈ ਗਿਆ ਅਤੇ ਅੱਗੇ ਈਸਾਪੁਰ ਦੇ ਵਾਸੀਆਂ ਨੇ ਉਸਨੂੰ ਘੇਰ ਲਿਆ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਲੁਬਾਣਗੜ੍ਹ, ਈਸਾਪੁਰ ਤੇ ਹੋਰ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸਤਲੁਜ ਦਰਿਆ ਤੋਂ ਰੋਜ਼ਾਨਾ ਹੀ ਰੇਤੇ ਦੀਆਂ ਭਰੀਆਂ ਓਵਰਲੋਡ ਟਰਾਲੀਆਂ ਪਿੰਡ ਦੀਆਂÎ ਲਿੰਕ ਸੜਕਾਂ ਤੋਂ ਗੁਜ਼ਰਦੀਆਂ ਹਨ ਅਤੇ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਸਖ਼ਤੀ ਨਾਲ ਲਿੰਕ ਸੜਕ ਤੋਂ ਗੁਜ਼ਰਦੀਆਂ ਓਵਰਲੋਡ ਟ੍ਰੈਕਟਰ-ਟਰਾਲੀਆਂ ਨੂੰ ਨੱਥ ਪਾਵੇ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਹੋ ਸਕੇ।
ਪਿੰਡਾਂ ਦੇ ਲੋਕਾਂ ਨੇ ਪੁਲਸ ਨੂੰ ਵੀ ਘੇਰਿਆ
ਨੌਜਵਾਨ ਦੀ ਮੌਤ ਤੋਂ ਬਾਅਦ ਜਦੋਂ ਮੌਕੇ 'ਤੇ ਪੁਲਸ ਪਹੁੰਚੀ ਤਾਂ ਉਥੇ ਉਸਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਈਸਾਪੁਰ ਦੇ ਲੋਕਾਂ ਵਲੋਂ ਨੌਜਵਾਨ ਸਿਮਰਨਜੀਤ ਸਿੰਘ ਨੂੰ ਦਰੜ ਕੇ ਆਉਣ ਵਾਲੇ ਟ੍ਰੈਕਟਰ-ਟਰਾਲੀ ਚਾਲਕ ਪਵਨਦੀਪ ਵਾਸੀ ਖਮਾਣੋ ਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਜਦੋਂ ਤੱਕ ਪੁਲਸ ਦੇ ਉਚ ਅਧਿਕਾਰੀ ਪਿੰਡਾਂ ਦੇ ਲੋਕਾਂ ਨੂੰ ਆ ਕੇ ਵਿਸ਼ਵਾਸ ਨਹੀਂ ਦਿਵਾਉਂਦੇ ਕਿ ਓਵਰਲੋਡ ਟਰਾਲੀਆਂ ਇਨ੍ਹਾਂ ਲਿੰਕ ਸੜਕਾਂ ਤੋਂ ਨਹੀਂ ਗੁਜ਼ਰਨਗੀਆਂ ਉਦੋਂ ਤੱਕ ਉਹ ਟ੍ਰੈਕਟਰ-ਟਰਾਲੀ ਚਾਲਕ ਨੂੰ ਪੁਲਿਸ ਹਵਾਲੇ ਨਹੀਂ ਕਰਨਗੇ। ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ ਨੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਇਕੱਠੇ ਹੋ ਕੇ ਪਿੰਡਾਂ 'ਚ ਗੁਜ਼ਰਨ ਵਾਲੀਆਂ ਓਵਰਲੋਡ ਟ੍ਰੈਕਟਰ-ਟਰਾਲੀਆਂ ਖਿਲਾਫ਼ ਪੁਲਸ ਕੋਲ ਸ਼ਿਕਾਇਤ ਕਰਵਾਉਣਗੇ ਅਤੇ ਜੇਕਰ ਪੁਲਸ ਨੇ ਫਿਰ ਵੀ ਕਾਰਵਾਈ ਨਾ ਕੀਤੀ ਤਾਂ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਘਟਨਾ ਸਥਾਨ 'ਤੇ ਥਾਣਾ ਮੁਖੀ ਸੁਖਨਾਜ ਸਿੰਘ ਵੀ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਓਵਰਲੋਡ ਟ੍ਰੈਕਟਰ-ਟਰਾਲੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਹਾਦਸਾ ਕਰਨ ਵਾਲੇ ਚਾਲਕਾਂ ਤੇ ਟ੍ਰੈਕਟਰ-ਟਰਾਲੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਕਰਨ ਲਈ ਭੇਜ ਦਿੱਤਾ ਗਿਆ।