ਹੱਥ ਬੰਨ੍ਹ ਕੇ ਦਰੱਖਤ ਨਾਲ ਲਟਕਾਈ ਨੌਜਵਾਨ ਦੀ ਲਾਸ਼, ਦੇਖ ਸਹਿਮ ਗਿਆ ਹਰ ਕੋਈ
Sunday, Aug 06, 2017 - 04:38 PM (IST)
ਬੁਲ੍ਹੋਵਾਲ (ਜਸਵਿੰਦਰਜੀਤ) : ਐਤਵਾਰ ਸਵੇਰੇ ਕਸਬਾ ਬੁੱਲ੍ਹੋਵਾਲ-ਭੋਗਪੁਰ ਸੜਕ 'ਤੇ ਪੈਂਦੇ ਅੱਡਾ ਪੱਜੋਦਿਓਤਾ ਦੀ ਪੁਲੀ ਦੇ ਨਜ਼ਦੀਕ ਇਕ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਹੋਈ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਮ੍ਰਿਤਕ ਵਿਅਕਤੀ ਦੀਆ ਦੋਵੇਂ ਹੀ ਬਾਹਾਂ ਪਿਛੇ ਬੰਨ੍ਹੀਆ ਹੋਈਆ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮਹਿੰਦਰ ਸਿੰਘ (33 ਸਾਲ) ਪੁੱਤਰ ਪਰਮਜੀਤ ਸਿੰਘ ਵਾਸੀ ਰਾਮਗੜ੍ਹ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਥਾਣਾ ਬੁੱਲ੍ਹੋਵਾਲ ਕੋਲ ਦਰਜ ਕਰਵਾਏ ਬਿਆਨ 'ਚ ਹਰਜੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਰਾਮਗੜ੍ਹ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਨੇ ਦੱਸਿਆ ਕਿ ਮੇਰਾ ਸਾਲਾ ਮਹਿੰਦਰ ਸਿੰਘ ਮੇਰੇ ਘਰ ਦੇ ਨਜ਼ਦੀਕ ਹੀ ਰਹਿੰਦਾ ਸੀ। ਉਸ ਦਾ ਵਿਆਹ 2008 ਵਿਚ ਪੱਜੋਦਿਓਤਾ ਵਿਖੇ ਰਾਜਵਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਨਾਲ ਹੋਇਆ ਸੀ ਅਤੇ ਉਸ ਦਾ ਇੱਕ 8 ਸਾਲ ਦਾ ਬੱਚਾ ਵੀ ਹੈ। ਉਕਤ ਨੇ ਅੱਗੇ ਦੱਸਿਆ ਕਿ ਮਹਿੰਦਰ ਸਿੰਘ ਦੇ ਰਾਜਵਿੰਦਰ ਕੌਰ ਨਾਲ ਚੱਲ ਰਹੇ ਪਰਿਵਾਰਕ ਝਗੜੇ ਕਾਰਨ ਰਾਜਵਿੰਦਰ ਕੌਰ ਆਪਣੇ ਪੇਕੇ ਘਰ ਰਹਿ ਰਹੀ ਸੀ 'ਤੇ ਹੁਣ ਕਰੀਬ ਤਿੰਨ ਮਹੀਨੇ ਤੋਂ ਆਪਣੇ ਜੀਜਾ ਹਰਦੀਪ ਸਿੰਘ ਨਾਲ ਜਲੰਧਰ ਵਿਖੇ ਰਹਿ ਰਹੀ ਸੀ।
ਉਸ ਨੇ ਦੱਸਿਆ ਕਿ 5 ਅਗਸਤ ਰਾਤ 9 ਵਜੇ ਮਹਿੰਦਰ ਸਿੰਘ ਖਾਣਾ ਖਾ ਕੇ ਆਪਣੇ ਘਰ ਚਲਾ ਗਿਆ ਅਤੇ ਸਵੇਰੇ 7 ਵਜੇ ਦੇ ਉਸ ਦੇ ਮਰਨ ਦੀ ਖਬਰ ਮਿਲੀ। ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਮੁੱਖ ਥਾਣਾ ਅਫਸਰ ਬੁਲ੍ਹੋਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਕਤਲ ਦਾ ਮਾਮਲਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਹੈ।
