‘ਯੈੱਸ ਬੈਂਕ’ ਵੱਲੋਂ 50 ਹਜ਼ਾਰ ਤੋਂ ਵੱਧ ਦੇਣ ਤੋਂ ‘ਨਾਂਹ’, ਹਾਹਾਕਾਰ
Saturday, Mar 07, 2020 - 11:21 AM (IST)
ਪਟਿਆਲਾ (ਜੋਸਨ): ਦੇਸ਼ ਦੇ ਵੱਡੇ ਬੈਂਕਾਂ ’ਚ ਸ਼ਾਮਲ ‘ਯੈੱਸ ਬੈਂਕ’ ‘ਤੇ ਆਏ ਸੰਕਟ ਨਾਲ ਕਰੋੜਾਂ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ੍ਹ ਜਿਵੇਂ ਹੀ ਖਬਰ ਆਈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਯੈੱਸ ਬੈਂਕ ਦੇ ਸੰਕਟ ਨੂੰ ਦੇਖਦੇ ਹੋਏ ਨਿਕਾਸੀ ’ਤੇ 50 ਹਜ਼ਾਰ ਦੀ ਲਿਮਟ ਤੈਅ ਕਰ ਦਿੱਤੀ ਹੈ ਤਾਂ ਜਿਹੜੇ ਲੋਕਾਂ ਦੇ ਯੈੱਸ ਬੈਂਕ ਵਿਚ ਖਾਤੇ ਸਨ, ਉਨ੍ਹਾਂ ਵਿਚ ਹਾਹਾਕਾਰ ਮਚ ਗਈ। ਲੋਕ ਤੁਰੰਤ ਬੈਂਕ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਵਿਚ ਲੱਗ ਗਏ। ਬੈਂਕ ਵਿਚ ਹੁਕਮ ਆਉਣ ਤੋਂ ਪਹਿਲਾਂ ਤਾਂ ਕੁਝ ਲੋਕਾਂ ਨੂੰ 1 ਲੱਖ ਰੁਪਏ ਵੀ ਮਿਲੇ ਪਰ ਉਸ ਤੋਂ ਬਾਅਦ ਇਹ ਨਿਕਾਸੀ 50 ਹਜ਼ਾਰ ਰੁਪਏ ਕਰ ਦਿੱਤੀ ਗਈ। ਇਨ੍ਹਾਂ ਹੁਕਮਾਂ ਤਹਿਤ ਅਗਲੇ ਇਕ ਮਹੀਨੇ ਤੱਕ ਲੋਕ ਸਿਰਫ ਬੈਂਕ ‘ਚੋਂ 50 ਹਜ਼ਾਰ ਰੁਪਏ ਹੀ ਕਢਵਾ ਸਕਣਗੇ।
ਹਫੜਾ-ਦਫੜੀ ਕਾਰਣ ਪੁਲਸ ਕਰਨੀ ਪਈ ਤਇਨਾਤ
ਬੈਂਕ ਦੇ ਬਾਹਰ ਪੁਲਸ ਨੂੰ ਵੀ ਤਾਇਨਾਤ ਕਰਨਾ ਪਿਆ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਬੈਂਕ ਨੂੰ ਆਰ. ਬੀ. ਆਈ. ਨੇ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕਿਸੇ ਨੂੰ ਸਿੱਖਿਆ, ਸਿਹਤ ਜਾਂ ਐਮਰਜੈਂਸੀ ਲਈ ਵੱਧ ਕੈਸ਼ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ ਪਰ ਇਸ ਦੇ ਬਾਵਜੂਦ ਵੀ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਗਾਹਕਾਂ ਨੇ ਕਿਹਾ ਹੈ ਕਿ ਉਹ ਸਵੇਰ ਤੋਂ ਪੈਸੇ ਕਢਵਾਉਣ ਲਈ ਖੜ੍ਹੇ ਹਨ। ਉਨ੍ਹਾਂ ਦਾ ਨੰਬਰ ਅਜੇ ਤੱਕ ਨਹੀਂ ਆਇਆ। ਬੈਂਕ ਵੱਲੋਂ 1 ਫੀਸਦੀ ਵੱਧ ਵਿਆਜ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਸ ਕਰ ਕੇ ਲੋਕਾਂ ਆਪਣੇ ਪੈਸੇ ਇਸ ਬੈਂਕ ਵਿਚ ਜਮਾ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਸਾਰੀ ਰਕਮ ਇਸੇ ਬੈਂਕ ਵਿਚ ਜਮ੍ਹਾ ਕਰਵਾ ਦਿੱਤੀ ਤਾਂ ਕਿ ਵੱਧ ਵਿਆਜ ਮਿਲੇ। ਇਸ ਲਈ ਹੁਣ ਸਰਕਾਰ ਦੇ ਇਨ੍ਹਾਂ ਹੁਕਮਾਂ ਨਾਲ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਬੈਂਕ ਵਿਚ ਸਰਵਰ ਬੰਦ ਨਹੀਂ ਸੀ ਹੋਇਆ। ਨਵੇਂ ਹੁਕਮਾਂ ਤੋਂ ਬਾਅਦ ਸਵੇਰ ਦਾ ਕਈ ਵਾਰ ਸਰਵਰ ਡਾਊਨ ਹੋ ਗਿਆ ਹੈ। ਇਸ ਬਾਰੇ ਬੈਂਕ ਅਧਿਕਾਰੀ ਵੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੇ।
ਪੈਸੇ ਛੋਟੇ ਨੋਟਾਂ ਦੇ ਰੂਪ ‘ਚ ਦਿੱਤੇ ਜਾ ਰਹੇ ਹਨ
ਲੋਕਾਂ ਦਾ ਕਹਿਣਾ ਹੈ ਕਿ ਪੈਸੇ ਛੋਟੇ ਨੋਟਾਂ ਦੇ ਰੂਪ ‘ਚ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੈ। ਲੋਕਾਂ ਨੇ ਕਿਹਾ ਹੈ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ, ਉਥੇ ਹੀ ਹੁਣ ਬੈਂਕਾਂ ‘ਚ ਅਜਿਹੀ ਲਿਮਟ ਲਾ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਆਪਣੀ ਪੂੰਜੀ ਬੈਂਕਾਂ ਵਿਚ ਰੱਖਣੀ ਬੰਦ ਕਰ ਦੇਣਗੇ। ਇਸ ਲਈ ਆਰ. ਬੀ. ਆਈ. ਨੂੰ ਚਾਹੀਦਾ ਹੈ ਕਿ ਜੇਕਰ ਕਿਸੇ ਵੀ ਬੈਂਕ ‘ਤੇ ਕੋਈ ਸੰਕਟ ਆਉਂਦਾ ਹੈ ਤਾਂ ਉਸ ਦਾ ਨਿਪਟਾਰਾ ਆਪਣੇ ਪੱਧਰ ਉੱਤੇ ਕੀਤਾ ਜਾਵੇ। ਲੋਕਾਂ ਨੂੰ ਤੰਗ ਨਾ ਕੀਤਾ ਜਾਵੇ।