ਜ਼ੀਰਕਪੁਰ ਬੱਸ ਅੱਡੇ ਦੇ ਨੇੜੇ ਬੈਂਕ ATM ’ਚ ਲੱਗੀ ਅੱਗ

Wednesday, Nov 12, 2025 - 03:42 AM (IST)

ਜ਼ੀਰਕਪੁਰ ਬੱਸ ਅੱਡੇ ਦੇ ਨੇੜੇ ਬੈਂਕ ATM ’ਚ ਲੱਗੀ ਅੱਗ

ਜ਼ੀਰਕਪੁਰ (ਧੀਮਾਨ) : ਮੰਗਲਵਾਰ ਦੇਰ ਰਾਤ ਜ਼ੀਰਕਪੁਰ ਬੱਸ ਅੱਡੇ ਦੇ ਨੇੜੇ ਸਥਿਤ ਇੰਡਸਇੰਡ ਬੈਂਕ ਦੇ ਏ.ਟੀ.ਐੱਮ. ’ਚ ਅਚਾਨਕ ਅੱਗ ਲੱਗਣ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਰਾਤ ਕਰੀਬ 10 ਵਜੇ ਲੱਗੀ ਅੱਗ ਨੇ ਕੁਝ ਹੀ ਮਿੰਟਾਂ ’ਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਪੂਰੀ ਏ.ਟੀ.ਐੱਮ. ਮਸ਼ੀਨ ਸੜ੍ਹ ਕੇ ਸੁਆਹ ਹੋ ਗਈ। ਧੂੰਆ ਤੇ ਅੱਗ ਦੀਆਂ ਲਪਟਾਂ ਦੇਖ ਕੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ। ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਤੁਰੰਤ ਇਕ ਫਾਇਰ ਟੈਂਡਰ ਮੌਕੇ ਲਈ ਭੇਜਿਆ ਗਿਆ ਤੇ ਸਖਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਸਮੇਂ ਸਿਰ ਅੱਗ ਬੁਝਾਉਣ ਕਰਕੇ ਨੇੜਲੀਆਂ ਦੁਕਾਨਾਂ ਤੇ ਇਮਾਰਤਾਂ ਨੂੰ ਨੁਕਸਾਨ ਤੋਂ ਬਚਾ ਲਿਆ ਗਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਏ.ਟੀ.ਐੱਮ. ’ਚੋਂ ਧੂੰਆਂ ਨਿਕਲਦਾ ਵੇਖਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਲੱਗਣ ਦੇ ਕਾਰਨਾ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਬੈਂਕ ਪ੍ਰਬੰਧਨ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟ ਗਿਆ ਹੈ। ਰਾਜੀਵ ਕੁਮਾਰ ਨੇ ਦਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।


author

Inder Prajapati

Content Editor

Related News