ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਖਿਲਾਫ਼ ਨਾਅਰੇਬਾਜ਼ੀ

07/15/2017 3:01:06 AM

ਹਰਿਆਣਾ, (ਆਨੰਦ)- ਕਸਬਾ ਹਰਿਆਣਾ ਵਿਖੇ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਅਤੇ ਹੋਰ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਕਾਰਨ ਅੱਜ ਹੜਤਾਲ ਤੀਸਰੇ ਦਿਨ ਵੀ ਜਾਰੀ ਰਹੀ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਜਗ੍ਹਾ-ਜਗ੍ਹਾ ਗੰਦਗੀ ਦੇ ਲੱਗੇ ਢੇਰਾਂ ਤੋਂ ਲੋਕ ਬੇਹੱਦ ਖਫਾ ਹਨ। 
ਪੰਜਾਬ ਸਫ਼ਾਈ ਕਰਮਚਾਰੀ ਫੈੱਡਰੇਸ਼ਨ ਇਕਾਈ ਹਰਿਆਣਾ ਦੇ ਪ੍ਰਧਾਨ ਰਮਨ ਕੁਮਾਰ, ਉਪ ਪ੍ਰਧਾਨ ਵਿਜੇ ਕੁਮਾਰ, ਜਨਰਲ ਸਕੱਤਰ ਸੁਨੀਲ ਕੁਮਾਰ ਅਤੇ ਲਖਵੀਰ ਭੱਟੀ ਨੇ ਦੱਸਿਆ ਕਿ ਠੇਕਾ ਆਧਾਰਿਤ 35 ਕਰਮਚਾਰੀ ਸਾਫ਼-ਸਫ਼ਾਈ ਲਈ ਨਿਯੁਕਤ ਕੀਤੇ ਹੋਏ ਹਨ, ਜਿਨ੍ਹਾਂ ਨੂੰ ਠੇਕੇਦਾਰ ਵੱਲੋ 2 ਮਹੀਨਿਆਂ ਤੋਂ ਤਨਖ਼ਾਹਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਹੜਤਾਲ ਦਾ ਸਹਾਰਾ ਲੈਣਾ ਪਿਆ ਹੈ। ਤਨਖ਼ਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਹਿੰਗਾਈ ਕਾਰਨ ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ 17 ਜੁਲਾਈ ਤੱਕ ਤਨਖ਼ਾਹਾਂ ਦੀ ਅਦਾਇਗੀ ਨਾ ਕੀਤੀ ਗਈ ਤਾਂ ਫਿਰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਾ ਸਾਡੀ ਮਜਬੂਰੀ ਹੋਵੇਗੀ। ਇਸ ਸਬੰਧੀ ਨਗਰ ਕੌਂਸਲ ਦੇ ਉਪ ਪ੍ਰਧਾਨ ਸ਼ਸ਼ੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦੀ ਬਦਲੀ ਹੋਣ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।


Related News