ਨਿਹਾਲ ਸਿੰਘ ਵਾਲਾ ਦੇ ਮਜ਼ਦੂਰ ਆਪਸ ''ਚ ਭਿੜੇ

Wednesday, Dec 06, 2017 - 07:38 AM (IST)

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਝੋਨੇ ਅਤੇ ਕਣਕ ਦੀ ਢੋਆ-ਢੁਆਈ, ਲਦਾਈ ਅਤੇ ਲੁਹਾਈ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਦੋ ਧੜਿਆਂ 'ਚ ਪੈਦਾ ਹੋਇਆ ਆਪਸੀ ਵਿਵਾਦ ਪ੍ਰਸ਼ਾਸਨ ਦੇ ਦੁਆਰ ਪਹੁੰਚ ਚੁੱਕਾ ਹੈ। ਮੋਗਾ ਪਹੁੰਚੀ ਇਕ ਧਿਰ ਨਾਲ ਸਬੰਧਤ ਕੁਝ ਮਜ਼ਦੂਰ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖਤੀ ਸ਼ਿਕਾਇਤ ਦੇ ਕੇ, ਮੰਡੀ ਨਾਲ ਸਬੰਧਤ ਕੁਝ ਮਜ਼ਦੂਰ ਆਗੂਆਂ 'ਤੇ ਮਜ਼ਦੂਰਾਂ ਦੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲਾਉਂਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅੱਜ ਮੋਗਾ ਵਿਖੇ ਪਹੁੰਚੇ ਸ਼ਿਕਾਇਤਕਰਤਾ ਧਿਰ ਦੇ ਆਗੂਆਂ ਅੰਮ੍ਰਿਤਪਾਲ ਸਿੰਘ ਅਤੇ ਦੂਸਰੇ ਸਾਥੀਆਂ ਨੇ ਦੋਸ਼ ਲਾਇਆ ਕਿ ਉਹ ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਨਿਹਾਲ ਸਿੰਘ ਵਾਲਾ 'ਚ ਲੇਬਰ ਦਾ ਕੰਮ ਕਰਦੇ ਹਨ ਅਤੇ ਪਿਛਲੇ 5 ਸਾਲਾਂ ਤੋਂ ਅਨਾਜ ਦੀ ਲੁਹਾਈ ਅਤੇ ਲਦਾਈ ਦਾ ਟੈਂਡਰ ਯੂਨੀਅਨ ਦੇ ਨਾਂ 'ਤੇ ਹੀ ਪੈਂਦਾ ਸੀ ਅਤੇ ਟੈਂਡਰ ਅਧੀਨ ਹੋਏ ਕੰਮ ਦੇ ਨਫੇ-ਨੁਕਸਾਨ ਦਾ ਮਾਲਕਾਨਾ ਹੱਕ ਯੂਨੀਅਨ 'ਚ ਕੰਮ ਕਰਦੇ 200 ਦੇ ਕਰੀਬ ਮਜ਼ਦੂਰਾਂ ਦਾ ਬਣਦਾ ਹੈ ਪਰ ਇਸ ਯੂਨੀਅਨ ਦੇ ਚੌਧਰੀ ਅਜਮੇਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਕੰਮ ਕਰਦੇ ਮਜ਼ਦੂਰਾਂ ਨੂੰ ਲਦਾਈ ਅਤੇ ਲੁਹਾਈ ਦਾ ਮਿਹਨਤਾਨਾ ਦੇ ਕੇ ਬਾਕੀ ਦੀ ਲੱਖਾਂ ਰੁਪਏ ਰਾਸ਼ੀ ਕਥਿਤ ਤੌਰ 'ਤੇ ਹੜੱਪ ਕਰ ਲਈ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਯੂਨੀਅਨ ਦੇ ਫੰਡ 'ਚ ਪਏ ਮਜ਼ਦੂਰਾਂ ਦੇ ਲਗਭਗ 12 ਲੱਖ ਰੁਪਏ ਉਕਤ ਆਗੂਆਂ ਨੇ ਐੱਫ. ਸੀ. ਆਈ. ਦਾ ਬੰਦ ਡਿਪੂ ਖੁੱਲ੍ਹਵਾਉਣ ਦੇ ਨਾਂ 'ਤੇ ਕੀਤਾ ਖਰਚਾ ਦੱਸ ਕੇ ਕਥਿਤ ਤੌਰ 'ਤੇ ਹੜੱਪ ਲਏ, ਜਦਕਿ ਉਕਤ ਖਾਤੇ ਵਾਲੇ ਪੈਸੇ ਮਜ਼ਦੂਰਾਂ ਵੱਲੋਂ ਆਪਣੇ ਲਈ ਜਗ੍ਹਾ ਖਰੀਦਣ ਲਈ ਰੱਖੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਘਪਲਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਦੂਸਰੀ ਧਿਰ ਦੇ ਚੌਧਰੀ ਅਜਮੇਰ ਸਿੰਘ ਨੇ ਆਪਣੇ ਤੇ ਸਾਥੀਆਂ 'ਤੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਿਹਾਲ ਸਿੰਘ ਵਾਲਾ ਵਿਖੇ ਐੱਫ. ਸੀ. ਆਈ. ਦਾ ਬੰਦ ਡਿਪੂ ਚਲਾਉਣ ਲਈ ਬਹੁਤ ਜੱਦੋ-ਜਹਿਦ ਕੀਤੀ ਤਾਂ ਜੋ ਮਜ਼ਦੂਰਾਂ ਦਾ ਰੋਜ਼ਗਾਰ ਚੱਲ ਸਕੇ। ਇਸ ਸਬੰਧੀ ਜਦੋਂ ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ ਸਬੰਧਤ ਅਧਿਕਾਰੀਆਂ ਕੋਲੋਂ ਜਾਂਚ ਕਰਵਾਈ ਜਾ ਰਹੀ ਹੈ।


Related News