ਵਰਕ ਪਰਮਿਟ ’ਤੇ ਪੌਲੈਂਡ ਭੇਜਣ ਦਾ ਝਾਂਸਾ ਦੇਕੇ ਲੱਖਾਂ ਦੀ ਠੱਗੀ, ਏਜੰਟ ਖਿਲਾਫ਼ ਮਾਮਲਾ ਦਰਜ

Sunday, May 02, 2021 - 04:31 PM (IST)

ਵਰਕ ਪਰਮਿਟ ’ਤੇ ਪੌਲੈਂਡ ਭੇਜਣ ਦਾ ਝਾਂਸਾ ਦੇਕੇ ਲੱਖਾਂ ਦੀ ਠੱਗੀ, ਏਜੰਟ ਖਿਲਾਫ਼ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ) : ਵਰਕ ਪਰਮਿਟ ’ਤੇ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ 2.46 ਲੱਖ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਰੁੜਕੀ ਖਾਸ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਇਕ ਸਮਾਰੋਹ ਦੌਰਾਨ ਉਸਦੀ ਮੁਲਾਕਾਤ ਟਰੈਵਲ ਏਜੰਟੀ ਦਾ ਕੰਮ ਕਰਨੇ ਵਾਲੇ ਪਿੰਡ ਰਾਜਪੁਰਾ (ਕਪੂਰਥਲਾ) ਵਾਸੀ ਤੇਜਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਨਾਲ ਹੋਈ ਸੀ। ਉਸਨੇ ਦੱਸਿਆ ਕਿ ਗੱਲਬਾਤ ਕਰਨ ’ਤੇ ਉਕਤ ਏਜੰਟ ਨੂੰ ਇਹ ਪਤਾ ਚਲ ਗਿਆ ਕਿ ਮੈਂ ਵਿਦੇਸ਼ ਜਾਣ ਦਾ ਇੱਛੁਕ ਹਾਂ।

ਉਸਨੇ ਦੱਸਿਆ ਕਿ ਉਕਤ ਨੇ ਉਸ ਨੂੰ ਵਰਕ ਪਰਮਿਟ ’ਤੇ ਪੌਲੈਂਡ ਭੇਜਣਾ ਦਾ ਆਫਰ ਦਿੱਤਾ। ਉਸਨੇ ਦੱਸਿਆ ਕਿ ਏਜੰਟ ਨਾਲ 11 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਜਿਸ ਵਿਚ ਲਿੱਖਤ ਤੌਰ ’ਤੇ ਦੱਸਿਆ ਕਿ ਢਾਈ ਲੱਖ ਰੁਪਏ ਪਹਿਲਾਂ ਲਏ ਜਾਣਗੇ ਅਤੇ ਬਾਕੀ ਰਾਸ਼ੀ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਸੀ। ਉਸਨੇ ਦੱਸਿਆ ਕਿ ਏਜੰਟ ਨੇ ਉਕਤ ਰਾਸ਼ੀ ਲੈਣ ਵੇਲੇ ਲਿਖਤ ਤੌਰ ’ਤੇ 90 ਦਿਨਾਂ ਵਿਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਸੀ। ਪਰੰਤੂ 2.61 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਉਸਨੇ ਨਾ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕਰ ਰਿਹਾ। ਉਸਨੇ ਦੱਸਿਆ ਕਿ ਵਾਰ-ਵਾਰ ਕਹਿਣ ’ਤੇ ਉਸਨੇ ਉਸਦਾ ਪਾਸਪੋਰਟ ਪੋਸਟ ਰਾਹੀਂ ਉਸਦੇ ਘਰ ਭੇਜ ਦਿੱਤਾ ਅਤੇ 15 ਹਜ਼ਾਰ ਰੁਪਏ ਵਾਪਸ ਕੀਤੇ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ.ਨਿਰਮਲ ਸਿੰਘ ਵਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਖ਼ਿਲਾਫ਼ ਧਖਾਧੜ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News