ਹਰਿਆਣਾ ''ਚ ਮਹਿਲਾ ਆਈ. ਏ. ਐੱਸ. ਦਾ ਸੀਨੀਅਰ ਅਫਸਰ ਨੇ ਕੀਤਾ ਸਰੀਰਕ ਸ਼ੋਸ਼ਣ

Monday, Jun 11, 2018 - 04:12 AM (IST)

ਚੰਡੀਗੜ੍ਹ (ਬਾਂਸਲ/ਪਾਂਡੇ)-ਹਰਿਆਣਾ ਦੀ ਇਕ ਮਹਿਲਾ ਆਈ. ਏ. ਐੱਸ. ਅਧਿਕਾਰੀ ਨੇ ਆਪਣੇ ਇਕ ਸੀਨੀਅਰ ਅਫਸਰ 'ਤੇ ਸਰੀਰਕ ਸ਼ੋਸ਼ਣ ਕਰਨ ਅਤੇ ਧਮਕਾਉਣ ਦਾ ਗੰਭੀਰ ਦੋਸ਼ ਲਾਇਆ ਹੈ। ਇਕ ਵਿਭਾਗ ਵਿਚ ਸੀਨੀਅਰ ਅਫਸਰ ਦੇ ਅਹੁਦੇ 'ਤੇ ਤਾਇਨਾਤ ਇਸ ਮਹਿਲਾ ਅਫਸਰ ਨੇ ਆਪਣੇ ਹੀ ਵਿਭਾਗ ਦੇ ਇਕ ਸੀਨੀਅਰ ਆਈ. ਏ. ਐੱਸ. ਅਫਸਰ 'ਤੇ ਆਪਣੀ ਫੇਸਬੁੱਕ ਵਾਲ 'ਤੇ ਗੰਭੀਰ ਦੋਸ਼ ਲਾਏ ਹਨ।
ਉਸ ਨੇ ਦੋਸ਼ਾਂ 'ਚ ਸਰੀਰਕ ਸ਼ੋਸ਼ਣ ਦਾ ਵੀ ਜ਼ਿਕਰ ਕੀਤਾ ਹੈ ਪਰ ਪੂਰੀ ਪੋਸਟ 'ਚ ਕਿਤੇ ਵੀ ਇਹ ਸਪੱਸ਼ਟ ਨਹੀਂ ਹੁੰਦਾ ਕਿ ਸਰੀਰਕ ਸ਼ੋਸ਼ਣ ਕਦੋਂ, ਕਿੱਥੇ ਤੇ ਕਿਵੇਂ ਹੋਇਆ। ਫੇਸਬੁੱਕ ਵਾਲ 'ਤੇ ਸ਼ੇਅਰ ਕੀਤੇ ਗਏ ਦੋਸ਼ ਸ਼ਿਕਾਇਤ ਦੇ ਰੂਪ 'ਚ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਨੂੰ ਭੇਜੇ ਹਨ। ਇਸ ਤੋਂ ਇਲਾਵਾ ਉਸ ਨੇ ਆਪਣੀ ਪੋਸਟ 'ਚ ਇਕ ਹੋਰ ਵਿਭਾਗ ਦੇ ਅਧਿਕਾਰੀ 'ਤੇ ਵੀ ਦੋਸ਼ ਲਾਇਆ ਹੈ। ਨਾਲ ਹੀ ਪੂਰੇ ਮਾਮਲੇ ਦੀ ਸ਼ਿਕਾਇਤ ਕਿਤੇ ਨਾ ਕਰਨ ਲਈ ਦਬਾਅ ਪਾਉਣ ਦਾ ਵੀ ਦੋਸ਼ ਲਾਇਆ। 
ਮਹਿਲਾ ਅਧਿਕਾਰੀ ਨੇ ਕਿਹਾ ਕਿ ਉਸ ਦੇ ਵਿਭਾਗ ਦਾ ਸੀਨੀਅਰ ਅਧਿਕਾਰੀ ਉਸ 'ਤੇ ਅਕਸਰ ਫਾਈਲਾਂ 'ਤੇ ਨੋਟਿੰਗ ਨਾ ਕਰਨ ਦਾ ਦਬਾਅ ਪਾਉਂਦਾ ਹੈ ਅਤੇ ਦਸਤਾਵੇਜ਼ਾਂ 'ਤੇ ਬਿਨਾਂ ਪੜ੍ਹੇ ਸਾਈਨ ਕਰਨ ਲਈ ਵੀ ਕਹਿੰਦਾ ਹੈ ਤੇ ਆਖਦਾ ਹੈ ਕਿ ਘਰ 'ਚ ਜਦੋਂ ਕੋਈ ਨਵੀਂ ਵਿਆਹੀ ਆਉਂਦੀ ਹੈ ਤਾਂ ਉਸ ਨੂੰ ਸਮਝਾਉਣਾ ਪੈਂਦਾ ਹੈ, ਇਸ ਲਈ ਮੈਂ ਤੁਹਾਨੂੰ ਸਮਝਾ ਰਿਹਾ ਹਾਂ।  
ਓਧਰ ਸੀਨੀਅਰ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਤੇ ਮਨਘੜਤ ਕਹਾਣੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਹਿਲਾ ਅਧਿਕਾਰੀ ਆਪਣੀ ਟਰਾਂਸਫਰ ਤੋਂ ਦੁਖੀ ਹੈ। ਉਸ ਦੀ ਟਰਾਂਸਫਰ ਸਰਕਾਰ ਨੇ ਕੀਤੀ ਹੈ, ਮੈਂ ਨਹੀਂ। ਸਰਕਾਰ ਤੇ ਵਿਭਾਗ ਦੀਆਂ ਬੈਠਕਾਂ ਅਕਸਰ ਦੇਰ ਤੱਕ ਚੱਲਦੀਆਂ ਹਨ।  ਜੇਕਰ ਬਾਕੀ ਅਧਿਕਾਰੀ ਤੇ ਸਟਾਫ ਬੈਠਕ 'ਚ ਦੇਰ ਤੱਕ ਰਹਿ ਸਕਦਾ ਹੈ ਤਾਂ ਇਸ ਮਹਿਲਾ ਅਧਿਕਾਰੀ ਨੂੰ ਕੀ ਇਤਰਾਜ਼ ਹੈ।


Related News