ਮਹਿਲਾ ਮੁਲਾਜ਼ਮ ''ਤੇ ਹਮਲਾ ਕਰਕੇ ਭੱਜਣ ਵਾਲੇ 3 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ

02/04/2020 5:47:31 PM

ਜਲੰਧਰ (ਜ. ਬ.)— ਕਰੀਬ 6 ਦਿਨ ਬੀਤ ਜਾਣ ਤੋਂ ਬਾਅਦ ਵੀ ਥਾਣਾ 4 ਦੀ ਪੁਲਸ ਸਿੱਕਾ ਚੌਕ ਤੋਂ ਨਕੋਦਰ ਚੌਕ ਵਿਚਕਾਰ ਮਹਿਲਾ ਕਰਮਚਾਰੀ ਨੂੰ ਕੁੱਟਣ ਵਾਲੇ ਮੁਲਜ਼ਮਾਂ ਨੂੰ ਫੜ ਨਹੀਂ ਸਕੀ ਹੈ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਹਾਲਾਂਕਿ ਥਾਣਾ ਨੰਬਰ 4 ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਤੋਂ ਹਮਲਾਵਰ ਸਿਪੀ ਬਾਜਵਾ, ਸੁਖਵਿੰਦਰ ਲਾਡੀ, ਸਿਮਰਨਜੀਤ ਸਿੰਘ ਦੀ ਪਛਾਣ ਕਰਕੇ ਮਾਮਲਾ ਦਰਜ ਕਰ ਲਿਆ ਸੀ। ਮਾਮਲਾ ਮਹਿਲਾ ਪੁਲਸ ਕਰਮਚਾਰੀ ਨਾਲ ਜੁੜਿਆ ਹੋਣ ਕਾਰਣ ਪੁਲਸ ਕਮਿਸ਼ਨਰ ਨੇ ਉਕਤ ਤਿੰਨਾਂ ਵਿਅਕਤੀਆਂ ਨੂੰ ਫੜਨ ਲਈ ਸੋਮਾਵਰ ਦੇਰ ਰਾਤ ਤਿੰਨਾਂ ਦੀ ਫੁਟੇਜ ਜਾਰੀ ਕਰਕੇ ਸਾਰੇ ਥਾਣਿਆਂ 'ਚ ਭਿਜਵਾਈ ਹੈ।

ਇਸ ਦੇ ਨਾਲ ਹੀ ਐੱਸ. ਆਈ. ਟੀ. ਟੀਮ ਬਣਾ ਕੇ ਪੁਲਸ ਕਮਿਸ਼ਨਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਕਤ ਤਿੰਨਾਂ ਮੁਲਜ਼ਮਾਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਕਤ ਮਾਮਲੇ ਸਬੰਧੀ ਉੱਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ ਇਸ ਮਾਮਲੇ 'ਚ ਐੱਸ. ਆਈ. ਟੀ. ਬਣਾਈ ਗਈ ਹੈ, ਜਿਸ ਵਿਚ ਏ. ਡੀ. ਸੀ. ਪੀ. ਸਕਿਓਰਿਟੀ ਅਸ਼ਵਨੀ ਕੁਮਾਰ, ਏ. ਸੀ. ਪੀ. ਹੈੱਡਕੁਆਰਟਰ ਬਿਮਲ ਕਾਂਤ ਅਤੇ ਥਾਣਾ ਨੰਬਰ 4 ਦੇ ਮੁਖੀ ਰਸ਼ਪਾਲ ਸਿੰਘ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਥਾਣਾ 4 ਦੇ ਮੁਖੀ ਦੀ ਅਗਵਾਈ 'ਚ 2 ਟੀਮਾਂ ਨੂੰ ਹਰਿਆਣਾ ਦੇ ਕਰਨਾਲ ਵਿਚ ਭੇਜਿਆ ਗਿਆ ਹੈ ਅਤੇ ਦੂਜੀ ਟੀਮ ਨਾਲ ਉਨ੍ਹਾਂ ਨੇ ਟਾਂਡਾ ਅਤੇ ਹੁਸ਼ਿਆਰਪੁਰ ਵਿਚ ਛਾਪੇਮਾਰੀ ਕੀਤੀ। ਏ. ਸੀ. ਪੀ. ਦਾ ਕਹਿਣਾ ਹੈ ਕਿ ਜਲਦੀ ਹੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਮਹਿਲਾ ਪੁਲਸ ਕਰਮਚਾਰੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੁੱਧਵਾਰ ਰਾਤ ਸਿੱਕਾ ਚੌਕ ਤੋਂ ਨਕੋਦਰ ਚੌਕ ਵਲ ਜਾ ਰਹੇ ਸਨ ਕਿ ਜ਼ਖਮੀ ਹਾਲਤ 'ਚ ਇਕ ਨੌਜਵਾਨ ਨੇ ਉਨ੍ਹਾਂ ਨੂੰ ਹੱਥ ਦੇ ਕੇ ਰੋਕਿਆ। ਜਦੋਂ ਉਹ ਪੁਲਸ ਨੂੰ ਜਾਣਕਾਰੀ ਦੇ ਰਿਹਾ ਸੀ ਤਾਂ ਤਿੰਨ ਨੌਜਵਾਨ ਆਏ। ਬੇਖੌਫ ਹੋ ਕੇ ਉਸਦੇ ਸਾਹਮਣੇ ਹੀ ਨੌਜਵਾਨ ਨੂੰ ਮਾਰਨ ਲੱਗੇ। ਉਥੇ ਪੀ. ਸੀ. ਆਰ. ਟੀਮ ਨੇ 'ਚ ਆ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਲਟਾ ਉਨ੍ਹਾਂ 'ਤੇ ਹੀ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ, ਜਿਸ ਦੀ ਸੂਚਨਾ ਥਾਣਾ 4 ਦੀ ਪੁਲਸ ਨੂੰ ਦਿੱਤੀ । ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਤਿੰਨਾਂ 'ਤੇ ਮਾਮਲਾ ਦਰਜ ਕੀਤਾ ਸੀ।


shivani attri

Content Editor

Related News