ਵਿਧਾਇਕ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ ਦਾ ਯੂ-ਟਰਨ, ਵਾਪਸ ਲਈ ਦਰਖ਼ਾਸਤ

Friday, Oct 22, 2021 - 01:33 PM (IST)

ਲੁਧਿਆਣਾ (ਜ.ਬ.) : ਪਿਛਲੇ ਦਿਨਾਂ ਤੋਂ ਲੋਕ ਇਨਸਾਫ ਪਾਰਟੀ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਗਾਉਣ ਵਾਲੀ ਔਰਤ ਪਰਮਜੀਤ ਕੌਰ ਨੇ ਆਪਣੀ ਦਰਖ਼ਾਸਤ ਵਾਪਸ ਲੈ ਲਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਨੇ ਦੱਸਿਆ,‘‘ਮੈਂ ਸਤਜੋਤ ਨਗਰ, ਧਾਂਦਰਾ ਰੋਡ, ਲੁਧਿਆਣਾ ਦੀ ਨਿਵਾਸੀ ਹਾਂ। ਜੋ ਮੈਂ ਸਿਮਰਜੀਤ ਸਿੰਘ ਬੈਂਸ, ਅਜੇਪ੍ਰੀਤ ਸਿੰਘ ਬੈਂਸ ਅਤੇ ਗੋਗੀ ਸ਼ਰਮਾ ਦੇ ਖ਼ਿਲਾਫ਼ ਦਰਖਾਸਤ ਦਿੱਤੀ ਸੀ, ਉਹ ਬੈਂਸ ਦੇ ਵਿਰੋਧੀਆਂ ਦੇ ਦਬਾਅ ਹੇਠ ਆ ਕੇ ਦਿੱਤੀ ਸੀ। ਉਨ੍ਹਾਂ ਮੈਨੂੰ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸਰੀਰਕ ਸੋਸ਼ਣ ਦਾ ਮੁਕੱਦਮਾ ਦਰਜ ਕਰਵਾਉਣ ਲਈ ਭੜਕਾ ਕੇ ਦਰਖ਼ਾਸਤ ਦਵਾਈ ਸੀ, ਜੋ ਮੈਂ ਵਾਪਸ ਲੈ ਲਈ ਹੈ ਅਤੇ ਸਿਮਰਜੀਤ ਸਿੰਘ ਬੈਂਸ, ਅਜੇਪ੍ਰੀਤ ਸਿੰਘ ਤੇ ਗੋਗੀ ਸ਼ਰਮਾ ਖ਼ਿਲਾਫ਼ ਜੋ ਵੀ ਦਰਖਾਸਤਾਂ ਦਿੱਤੀਆਂ ਹਨ, ਉਹ ਸਾਰੀਆਂ ਖਾਰਿਜ ਕੀਤੀਆਂ ਜਾਣ। ਮੈਂ ਆਪਣੀ ਕਿਸੇ ਵੀ ਦਰਖਾਸਤ ’ਤੇ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ, ਇਹ ਮੈਂ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਲਾਲਚ, ਡਰ ਜਾਂ ਦਬਾਅ ਤੋਂ ਦਰਖਾਸਤ ਵਾਪਸ ਲੈ ਰਹੀ ਹਾਂ।’’

ਇਹ ਵੀ ਪੜ੍ਹੋ : ਸਿੱਧੂ 'ਤੇ ਮੁੜ ਅੱਗ ਬਬੂਲਾ ਹੋਏ ਕੈਪਟਨ, ਚੰਨੀ ਨੂੰ ਦੱਸਿਆ 'ਗੁੱਡ ਬੁਆਏ'

ਦੱਸਣਯੋਗ ਹੈ ਕਿ ਜਬਰ-ਜ਼ਿਨਾਹ ਮਾਮਲੇ ’ਚ ਫਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਪੰਜਾਬ ਹਰਿਆਣਾ ਹਾਈਕੋਰਟ ਨੇ ਪਟੀਸ਼ਨ ਖਾਰਿਜ ਕਰ ਦਿੱਤੀ। ਅਦਾਲਤ ਨੇ ਇਸ ਮਾਮਲੇ ’ਚ ਪਹਿਲਾਂ ਹੀ ਐੱਫ. ਆਈ. ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਲੁਧਿਆਣਾ ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਹਾਈਕੋਰਟ ’ਚ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ’ਚ ਹੇਠਲੀ ਅਦਾਲਤ ਨੇ ਸਥਾਨਕ ਪੁਲਸ ਨੂੰ ਬੈਂਸ ਖ਼ਿਲਾਫ਼ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਲੁਧਿਆਣਾ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੇ ਸਿਮਰਜੀਤ ਸਿੰਘ ਬੈਂਸ ਸਮੇਤ 7 ਵਿਅਕਤੀਆਂ ਖ਼ਿਲਾਫ਼ ਸਾਜਿਸ਼ ਤਹਿਤ ਜਬਰ-ਜ਼ਿਨਾਹ, ਛੇੜਛਾੜ ਅਤੇ ਡਰਾਉਣ ਧਮਕਾਉਣ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਸੀ। ਬੈਂਸ ਨੇ ਇਸ ਕੇਸ ’ਚ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਹਾਈਕੋਰਟ ਨੇ ਖਾਰਿਜ ਕਰ ਦਿੱਤਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੀੜਤਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ’ਤੇ ਪੁਲਸ ਕਮਿਸ਼ਨਰ ਨੇ ਉਕਤ ਪੀੜਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ। ਫਿਰ ਇਹ ਮਾਮਲਾ ਅਦਾਲਤ ’ਚ ਪਹੁੰਚ ਗਿਆ। 

ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ: ਬੇਖ਼ੌਫ਼ ਹਮਲਾਵਰਾਂ ਨੇ ਚਲਾਈਆਂ ਗੋਲ਼ੀਆਂ, ਗੈਂਗਵਾਰ ’ਚ ਇਕ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News