ਮਾਰਕਿਟ ਕਮੇਟੀ ਦੇ ਚੇਅਰਮੈਨ ਖਿਲਾਫ ਪਾਣੀ ਵਾਲੀ ਟੈਂਕੀ ''ਤੇ ਚੜ੍ਹੀ ਜਨਾਨੀ

Saturday, Jul 04, 2020 - 04:33 PM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਖ਼ਿਲਾਫ਼ ਸਰਹਿੰਦ ਦੀ ਹੀ ਇੱਕ ਜਨਾਨੀ ਇਨਸਾਫ ਲਈ ਪਾਣੀ ਦੀ ਟੈਂਕੀ 'ਤੇ ਜਾ ਚੜ੍ਹੀ। ਉਕਤ ਜਨਾਨੀ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਬੌਬੀ 'ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਸਿਆਸੀ ਦਬਾਅ ਦੇ ਚੱਲਦਿਆਂ ਘਰ ਬੁਲਾ ਕੇ 452 ਦਾ ਪਰਚਾ ਦਰਜ ਕਰਵਾਇਆ ਗਿਆ ਸੀ ਅਤੇ ਉਸ ਦੀ ਇਸ ਮਾਮਲੇ ਸਬੰਧੀ ਜ਼ਮਾਨਤ ਹੋਣ ਉਪਰੰਤ ਸਮਝੌਤੇ ਲਈ ਪਹਿਲਾਂ ਦਬਾਅ ਬਣਾਇਆ ਗਿਆ, ਫਿਰ ਸਮਝੌਤਾ ਕਰਵਾ ਕੇ ਉਸ ਨੂੰ ਅਜੇ ਤੱਕ ਲਾਗੂ ਨਹੀਂ ਕਰਵਾਇਆ ਗਿਆ, ਜਿਸ ਕਰਕੇ ਉਹ ਹੁਣ ਇਨਸਾਫ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਹੈ।

ਉੱਧਰ ਮਾਮਲੇ ਨੂੰ ਸੁਲਝਾਉਣ ਵਾਸਤੇ ਪੁਲਸ ਵੱਲੋਂ ਭਰੋਸੇ 'ਚ ਲੈ ਕੇ ਜਨਾਨੀ ਨੂੰ ਪਾਣੀ ਵਾਲੀ ਟੈਂਕੀ ਤੋਂ ਥੱਲੇ ਉਤਾਰਿਆ ਗਿਆ। ਪੀੜਤ ਜਨਾਨੀ ਨੇ ਦੱਸਿਆ ਕਿ ਸਮਝੌਤੇ ਦੌਰਾਨ ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਪਰਚੇ ਜਾਂ ਤਰਕ ਜੋ ਵੀ ਦਰਖਾਸਤਾਂ ਸਨ, ਨੂੰ ਵਾਪਸ ਲੈਣ ਲਈ ਐਫੀਡੇਵਿਟ ਤਿਆਰ ਕਰਵਾਏ ਗਏ ਸਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਜੋ ਸਮਝੌਤੇ ਦੇਖੇ ਗਏ ਸਨ, ਉਨ੍ਹਾਂ ਨੂੰ ਲਾਗੂ ਨਹੀਂ ਕਰਵਾਇਆ ਜਾ ਰਿਹਾ। ਜ਼ਿਕਰਯੋਗ ਹੈ ਕਿ ਇਹ ਜਨਾਨੀ ਸਰਹਿੰਦ ਵਿਧਾਨ ਸਭਾ ਹਲਕੇ ਤੋਂ ਐਮ. ਐਲ. ਏ. ਦੀ ਚੋਣ ਵੀ ਲੜ ਚੁੱਕੀ ਹੈ। ਉੱਧਰ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਉਹ ਜੋ ਸਮਝੌਤੇ 'ਚ ਲਿਖਿਆ ਹੈ, ਉਸ ਨੂੰ ਲਾਗੂ ਕਰਵਾਉਣਗੇ ਕਿਉਂਕਿ ਸਮਝੌਤਾ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਦਾਲਤ 'ਚ ਬਿਆਨ ਦਰਜ ਕਰਵਾਉਣ ਲਈ ਮਿਤੀ 27-6-2020 ਸੀ ਤੇ ਕਿਸੇ ਕਾਰਨ ਕਰਕੇ ਇਸ ਦੀ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਦੁਬਾਰਾ ਦਰਖਾਸਤ ਲਗਾਈ ਜਾਵੇਗੀ। ਇਸ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਨੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ 'ਚ ਕਿਸੇ ਵੀ ਵਿਅਕਤੀ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਨੂੰ ਇਨਸਾਫ ਲੈਣ ਲਈ ਪਾਣੀ ਦੀਆਂ ਟੈਂਕੀਆਂ ਤੱਕ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ ।


Babita

Content Editor

Related News