ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ

Tuesday, May 09, 2023 - 01:55 PM (IST)

ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ

ਗੋਨਿਆਣਾ (ਗੋਰਾ ਲਾਲ) : ਗੋਨਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਜਣੇਪੇ ਤੋਂ ਬਾਅਦ ਨਵਜਨਮੀ ਬੱਚੀ ਦੀ ਮਾਂ ਦੀ ਮੌਤ ਹੋ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਬਰਾਂ ਨੇ ਉਕਤ ਇਲਜ਼ਾਮ ਡਾਕਟਰੀ ਅਮਲੇ ਉਪਰ ਲਗਾਇਆ ਹੈ, ਜਿਸ ਤੋਂ ਬਾਅਦ ਮ੍ਰਿਤਕ ਕੁੜੀ ਦੇ ਪਰਿਵਾਰਕ ਮੈਬਰਾਂ ਵੱਲੋਂ ਹਸਪਤਾਲ ਅੱਗੇ ਧਰਨਾ ਲਗਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਰੰਜਨਾ ਪਤਨੀ ਹਰਸ਼ਪ੍ਰੀਤ ਵਾਸੀ ਗੋਨਿਆਣਾ ਮੰਡੀ ਗਰਭਵਤੀ ਸੀ, ਜਿਸ ਨੂੰ ਸਥਾਨਕ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਨਾਰਮਲ ਜਣੇਪੇ ਦੌਰਾਨ ਇਕ ਬੱਚੀ ਨੂੰ ਜਨਮ ਦਿੱਤਾ। ਡਾਕਟਰ ਵੱਲੋਂ ਉਸ ਦੀ ਹਾਲਤ ਵਿਚ ਸੁਧਾਰ ਹੁੰਦਾ ਦੇਖ ਕੇ ਸ਼ਾਮ 5 ਵਜੇ ਉਸ ਨੂੰ ਨਵਜਨਮੀ ਬੱਚੀ ਸਮੇਤ ਛੁੱਟੀ ਦੇ ਦਿੱਤੀ ਗਈ। ਇਕ ਘੰਟੇ ਬਾਅਦ ਰੰਜਨਾ ਰਾਣੀ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਰੰਜਨਾ ਦੀ ਹਾਲਤ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ ਵਿਖੇ ਲੈ ਕੇ ਆਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

PunjabKesari

ਇਹ ਵੀ ਪੜ੍ਹੋ- ਮਾਮਲਾ ਕੈਦੀਆਂ ਦੀ ਵਾਇਰਲ ਵੀਡੀਓ ਦਾ: ਬਠਿੰਡਾ ਜੇਲ੍ਹ 'ਚ ਮੋਬਾਇਲ ਪਹੁੰਚਾਉਣ ਵਾਲੇ ਨੇ ਕੀਤਾ ਸਰੰਡਰ

ਪਰਿਵਾਰਕ ਮੈਂਬਰਾਂ ਨੇ ਡਾਕਟਰ ’ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਰੰਜਨਾ ਦੀ ਮੌਤ ਹਸਪਤਾਲ ਲਿਆਂਦੇ ਜਾਣ ਤੋਂ ਬਾਅਦ ਹੋਈ ਹੈ ਕਿਉਂਕਿ ਜਿਸ ਵਕਤ ਉਹ ਮੁੜ ਰੰਜਨਾ ਨੂੰ ਹਸਪਤਾਲ ਲੈ ਕੇ ਆਏ ਸੀ ਤਾਂ ਉਸ ਸਮੇਂ ਉਹ ਜਿਉਂਦੀ ਸੀ ਪਰ ਡਾਕਟਰ ਨੇ ਇਲਾਜ ਦੌਰਾਨ ਕੁਤਾਹੀ ਵਰਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਡਿਲਿਵਰੀ ਮੌਕੇ ਡਾਕਟਰੀ ਸਟਾਫ਼ ਨੇ ਕਿਹਾ ਸੀ ਕਿ ਨਾਰਮਲ ਕੇਸ ਹੈ ਪਰ ਉਨ੍ਹਾਂ ਨੇ ਰੰਜਨਾ ਦੇ ਟਾਂਕੇ ਲਗਾਏ ਹਨ, ਜਿਸ ਦੌਰਾਨ ਉਸ ਦਾ ਖ਼ੂਨ ਬੰਦ ਨਹੀ ਹੋਇਆ। ਡਾਕਟਰ ਨੇ ਉਨ੍ਹਾਂ ਕੋਲੋਂ ਪਿੱਛਾ ਛੁਡਵਾਉਣ ਲਈ ਉਸ ਨੂੰ ਜਾਣਬੁਝ ਕੇ ਘਰ ਭੇਜ ਦਿੱਤਾ ਜਦਕਿ ਅਸੀ ਉਸ ਨੂੰ ਘਰ ਲਿਜਾਣ ਲਈ ਤਿਆਰ ਨਹੀਂ ਸੀ। ਘਰ ਜਾਣ ਤੋਂ ਬਾਅਦ ਰੰਜਨਾ ਦੀ ਹਾਲਤ ਵਿਗੜਨ ਕਰਕੇ ਉਸ ਨੂੰ ਮੁੜ ਜਿਓਂ ਹੀ ਹਸਪਤਾਲ ਲਿਆਂਦਾ ਤਾਂ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਮਾਲੇਰਕੋਟਲਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਟਿੱਪਰ ਨੇ ਦਰੜਿਆ

ਭੜਕੇ ਹੋਏ ਪਰਿਵਾਰਕ ਮੈਂਬਰਾਂ ਨੇ ਉਕਤ ਹਸਪਤਾਲ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰਿਵਾਰਕ ਮੈਬਰਾਂ ਨੇ ਮ੍ਰਿਤਕ ਕੁੜੀ ਦੀ ਲਾਸ਼ ਹਸਪਤਾਲ ਵਿਚੋਂ ਲੈਣ ਤੋਂ ਵੀ ਨਾਂਹ ਕਰ ਦਿੱਤੀ। ਇਸ ਸਬੰਧੀ ਜਦੋਂ ਉਕਤ ਹਸਪਤਾਲ ਡਾਕਟਰ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਸ਼ਾਮ ਸਮੇਂ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਸੀ ਤਾਂ ਉਸ ਸਮੇਂ ਜੱਚਾ ਅਤੇ ਬੱਚਾ ਦੋਵੇਂ ਠੀਕ ਸਨ, ਜਦੋਂ ਉਹ ਮੁੜ ਜੱਚੇ ਨੂੰ ਹਸਪਤਾਲ ਵਿਖੇ ਲੈ ਕੇ ਆਏ ਤਾਂ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News