ਖਾਦ ਨਾਲ ਭਰੇ ਟਰੱਕ ਥੱਲੇ ਦਰੜੇ ਜਾਣ ਕਾਰਨ ਔਰਤ ਦੀ ਮੌਤ

Tuesday, Sep 03, 2024 - 11:00 AM (IST)

ਖਾਦ ਨਾਲ ਭਰੇ ਟਰੱਕ ਥੱਲੇ ਦਰੜੇ ਜਾਣ ਕਾਰਨ ਔਰਤ ਦੀ ਮੌਤ

ਮਮਦੋਟ (ਸ਼ਰਮਾ) : ਮਮਦੋਟ ਦੇ ਨਜ਼ਦੀਕੀ ਪਿੰਡ ਲਖਮੀਰ ਕੇ ਹਿਠਾੜ ਵਿਖੇ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਕੁਚਲੇ ਜਾਣ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਮਦੋਟ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਪਰਮਜੀਤ ਕੌਰ ਪਤਨੀ ਜੀਤਾ ਵਾਸੀ ਲੱਖੋ ਕੇ ਬਹਿਰਾਮ ਆਪਣੀ ਮਾਂ ਨੂੰ ਮਿਲਣ ਆਈ ਹੋਈ ਸੀ।

ਉਹ ਸਵੇਰੇ ਕਹਿਣ ਲੱਗੀ ਕਿ ਸਾਗ ਖਾਣ ਨੂੰ ਜੀਅ ਕਰ ਰਿਹਾ ਹੈ ਅਤੇ ਸਵੇਰੇ ਕਰੀਬ 8 ਵਜੇ ਮਮਦੋਟ ਤੋਂ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਬੈਠ ਕੇ ਨੇੜਲੇ ਪਿੰਡ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਦਿਸ਼ਾ ਤੋਂ ਖਾਦ ਨਾਲ ਭਰੇ ਹੋਏ ਟਰੱਕ ਥੱਲੇ ਆ ਕੇ ਕੁਚਲੀ ਗਈ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਟਰੱਕ ਚਾਲਕ ਵੀ ਮੌਕੇ ਵਾਲੀ ਥਾਂ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਘਟਨਾ ਵਾਲੀ ਥਾਂ ’ਤੇ ਪਹੁੰਚੇ ਥਾਣਾ ਮਮਦੋਟ ਦੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।


author

Babita

Content Editor

Related News