ਅੱਗ ਨਾਲ ਝੁਲਸ ਕੇ ਮੌਤ ਦੇ ਮੂੰਹ ''ਚ ਗਈ ਜਨਾਨੀ ਦੇ ਪਤੀ ਤੇ ਸੱਸ ''ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼
Saturday, Dec 11, 2021 - 01:11 PM (IST)
ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਧੂੜਕੋਟ ਟਾਹਲੀ ਵਾਲਾ ਵਾਸੀ ਜਨਾਨੀ ਰੁਪਿੰਦਰ ਕੌਰ ਦੀ ਅੱਗ ਨਾਲ ਝੁਲਸ ਜਾਣ ਕਾਰਨ ਬੀਤੀ 8 ਦਸੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸਬੰਧ ਵਿਚ ਮ੍ਰਿਤਕ ਜਨਾਨੀ ਦੇ ਪਿਤਾ ਸਾਧੂ ਸਿੰਘ ਵਾਸੀ ਪਿੰਡ ਰਾਏਸਰ ਪੰਜਾਬ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਇੰਦਰਜੀਤ ਸਿੰਘ ਅਤੇ ਸੱਸ ਸੁਰਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਾਧੂ ਸਿੰਘ ਨੇ ਕਿਹਾ ਕਿ ਉਸ ਦੀ ਧੀ ਰੁਪਿੰਦਰ ਕੌਰ ਦਾ ਵਿਆਹ ਕਰੀਬ 9 ਸਾਲ ਪਹਿਲਾਂ ਇੰਦਰਜੀਤ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ, ਜਿਨ੍ਹਾਂ ਦਾ ਇਕ ਬੇਟਾ ਹੈ। ਬੀਤੀ 1 ਦਸੰਬਰ ਨੂੰ ਉਸ ਦੇ ਜਵਾਈ ਇੰਦਰਜੀਤ ਸਿੰਘ ਨੇ ਸਾਨੂੰ ਫੋਨ ’ਤੇ ਸੂਚਿਤ ਕੀਤਾ ਕਿ ਰਪਿੰਦਰ ਕੌਰ ਅੱਜ ਸਵੇਰੇ 9.30 ਵਜੇ ਦੇ ਕਰੀਬ ਜਦੋਂ ਰਸੋਈ ਵਿਚ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਈ, ਜਿਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ’ਤੇ ਮੈਂ ਆਪਣੀ ਬੇਟੀ ਅਤੇ ਨੂੰਹ ਨੂੰ ਉੱਥੇ ਭੇਜਿਆ ਪਰ ਉਸ ਦੀ ਬੇਟੀ ਆਈ. ਸੀ. ਯੂ. ’ਚ ਹੋਣ ਕਾਰਣ ਕੋਈ ਗੱਲ ਨਾ ਕਰ ਸਕੀ ਅਤੇ ਇਸ ਦੌਰਾਨ ਉਸਦੀ ਮੌਤ ਹੋ ਗਈ।
ਹੁਣ ਸਾਡੇ ਵੱਲੋਂ ਆਪਣੇ ਤੌਰ ’ਤੇ ਕੀਤੀ ਗਈ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਮੇਰੀ ਧੀ ਰੁਪਿੰਦਰ ਕੌਰ ਨੂੰ ਉਸ ਦੀ ਸੱਸ ਸੁਰਜੀਤ ਕੌਰ ਉਰਫ਼ ਸੀਤੋ ਅਤੇ ਉਸ ਦਾ ਪਤੀ ਇੰਦਰਜੀਤ ਸਿੰਘ ਲੰਬੇ ਸਮੇਂ ਤੋਂ ਤੰਗ-ਪਰੇਸ਼ਾਨ ਕਰਦੇ ਆ ਰਹੇ ਸਨ, ਜਿਸ ਕਾਰਣ ਮੇਰੀ ਧੀ ਨੇ ਇਨ੍ਹਾਂ ਤੋਂ ਤੰਗ ਆ ਕੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਉਸ ਨੇ ਕਿਹਾ ਕਿ ਮੇਰੀ ਧੀ ਦੀ ਮੌਤ ਲਈ ਕਥਿਤ ਦੋਸ਼ੀ ਜ਼ਿੰਮੇਵਾਰ ਹਨ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।