ਜਦੋਂ ਮਾਸੂਮਾਂ ਦੇ ਮੂੰਹੋਂ ਨਿਕਲੇ ਅਜਿਹੇ ਬੋਲ, ''ਅਸੀਂ ਨਹੀਂ ਜਾਣਾ ਪਾਪਾ ਕੋਲ, ਪਾਪਾ ਮੰਮੀ ਨੂੰ ਮਾਰਦੇ ਸਨ''
Monday, Dec 11, 2017 - 06:36 PM (IST)
ਜਲੰਧਰ (ਪ੍ਰੀਤ)— 'ਅਸੀਂ ਨਹੀਂ ਜਾਣਾ ਪਾਪਾ ਕੋਲ, ਪਾਪਾ ਮੰਮੀ ਨੂੰ ਵੀ ਮਾਰਦੇ ਅਤੇ ਸਾਨੂੰ ਵੀ ਗੁੱਸਾ ਕਰਦੇ ਸੀ'। ਇਹ ਕਹਿਣਾ ਹੈ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਵੱਲੋਂ ਵਿਆਹ ਤੋਂ ਲਗਭਗ 6 ਸਾਲਾਂ ਬਾਅਦ ਕੁੱਟਮਾਰ ਕਰਕੇ ਕੱਢੀ ਗਈ ਲੜਕੀ ਸੀਮਾ ਦੇ ਮਾਸੂਮ ਬੱਚਿਆਂ ਦਾ। ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਔਰਤ ਦੇ ਬੱਚਿਆਂ 'ਤੇ ਇੰਨਾ ਡੂੰਘਾ ਅਸਰ ਪਿਆ ਹੈ ਕਿ ਤਿੰਨਾਂ 'ਚੋਂ 2 ਬੱਚੇ ਕਮਜ਼ੋਰ ਹਨ। ਦੋ ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘਟ ਗਈ ਹੈ। ਆਪਣੀ ਮਾਂ ਕੋਲ ਰਹਿ ਰਹੀ ਸੀਮਾ 3 ਮਾਸੂਮ ਬੱਚਿਆਂ ਨੂੰ ਪਾਲ ਰਹੀ ਹੈ।
ਸੀਮਾ ਨੇ ਇਨਸਾਫ ਲਈ ਫਰਵਰੀ 2017 'ਚ ਕਮਿਸ਼ਨਰੇਟ ਵਿਚ ਸ਼ਿਕਾਇਤ ਦਿੱਤੀ ਪਰ ਇਨਸਾਫ ਨਹੀਂ ਮਿਲਿਆ। ਹੁਣ ਉਹ ਇਨਸਾਫ ਲਈ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ। ਸੀਮਾ ਵਾਸੀ ਭੀਮ ਨਗਰ, ਕਾਜ਼ੀ ਮੰਡੀ ਨੇ ਦੱਸਿਆ ਕਿ ਉਸ ਦਾ ਵਿਆਹ ਅਸ਼ੋਕ ਕੁਮਾਰ ਵਾਸੀ ਲੁਧਿਆਣਾ ਨਾਲ ਹੋਇਆ ਸੀ। ਵਿਆਹ ਦੇ ਸਮੇਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਦੀ ਡਿਮਾਂਡ ਮੁਤਾਬਕ ਵਿਆਹ ਕੀਤਾ ਅਤੇ ਦਾਜ ਦੀ ਡਿਮਾਂਡ ਤੱਕ ਪੂਰੀ ਕੀਤੀ। ਸੀਮਾ ਨੇ ਦੱਸਿਆ ਕਿ ਉਸ ਦੇ 3 ਬੱਚੇ ਮਾਨਵੀ (5), ਗੁੰਜਨ (ਸਾਢੇ ਤਿੰਨ ਸਾਲ) ਅਤੇ ਰਿਸ਼ੀ (ਡੇਢ ਸਾਲ) ਹਨ।
ਸੀਮਾ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਉਸ 'ਤੇ ਸਹੁਰਾ ਪੱਖ ਵੱਲੋਂ ਅੱਤਿਆਚਾਰ ਹੋਣ ਲੱਗੇ। ਉਸ ਨਾਲ ਕੁੱਟਮਾਰ ਕੀਤੀ ਜਾਂਦੀ। ਜਦੋਂ ਉਹ ਗਰਭਵਤੀ ਸੀ ਤਾਂ ਵੀ ਉਸ ਨੂੰ ਕੁੱਟਿਆ-ਮਾਰਿਆ ਜਾਂਦਾ ਰਿਹਾ। ਸੀਮਾ ਦਾ ਕਹਿਣਾ ਹੈ ਕਿ ਇਸ ਵਿਵਾਦ ਦਾ ਉਸ ਦੇ ਬੱਚਿਆਂ 'ਤੇ ਅਸਰ ਪਿਆ। ਉਸ ਦੀਆਂ ਛੋਟੀਆਂ ਮਾਸੂਮ ਬੱਚੀਆਂ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਵਾਦ ਦੌਰਾਨ ਬ੍ਰੇਨ ਇੰਜਰੀ ਕਾਰਨ ਅਜਿਹਾ ਹੋਇਆ ਹੈ। ਸੀਮਾ ਨੇ ਦੱਸਿਆ ਕਿ ਉਸ ਨੇ ਫਰਵਰੀ 2017 ਵਿਚ ਹੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਦੂਜੇ ਪੱਖ ਦੇ ਦਬਾਅ ਹੇਠ ਉਸ ਨੂੰ ਇਨਸਾਫ ਨਹੀਂ ਦਿਵਾਇਆ। ਹੁਣ ਉਹ ਆਪਣੇ ਹੱਕ ਲਈ ਅਦਾਲਤ ਵਿਚ ਕੇਸ ਲੜ ਰਹੀ ਹੈ।