ਭਾਜਪਾ ਤੇ ਕਾਂਗਰਸੀ ਆਗੂ ਹੰਕਾਰ ਦੇ ਨਸ਼ੇ ’ਚ ਚੂਰ, ਸਮੇਂ ਦੀ ਨਜ਼ਾਕਤ ਨੂੰ ਨਹੀਂ ਸਮਝ ਰਹੇ : ਭਗਵੰਤ ਮਾਨ

Thursday, Nov 07, 2024 - 12:43 PM (IST)

ਜਲੰਧਰ/ਚੰਡੀਗੜ੍ਹ/ਚੱਬੇਵਾਲ (ਧਵਨ, ਅੰਕੁਰ, ਰਾਕੇਸ਼)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਲੋਕਾਂ ਨੇ ਸਾਰੇ ਦਿੱਗਜ ਨੇਤਾਵਾਂ ਦਾ ਸਫ਼ਾਇਆ ਕਰ ਦਿੱਤਾ ਸੀ, ਕਿਉਂਕਿ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ ਸਨ। ਉਹ ਬੁੱਧਵਾਰ ਚੱਬੇਵਾਲ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਜਨਤਾ ਕੋਲ ਸਿਆਸੀ ਬਦਲ ਨਹੀਂ ਸੀ। ਜਨਤਾ ਪਹਿਲੇ ਤੋਂ ਨਾਖੁਸ਼ ਹੋ ਕੇ ਦੂਜੇ ਕੋਲ ਚਲੀ ਜਾਂਦੀ ਸੀ ਅਤੇ ਦੂਜੇ ਤੋਂ ਨਾਖੁਸ਼ ਹੋ ਕੇ ਮੁੜ ਪਹਿਲੇ ਕੋਲ ਆ ਜਾਂਦੀ ਸੀ ਪਰ ਹੁਣ ਪੰਜਾਬ ਵਿਚ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿਚ ਤੀਜਾ ਬਦਲ ਮਿਲ ਗਿਆ ਹੈ।

ਇਹ ਵੀ ਪੜ੍ਹੋ- ਚੋਰ ਦਾ ਕਾਰਨਾਮਾ ਕਰੇਗਾ ਹੈਰਾਨ, ਪਹਿਲਾਂ ਜੋੜੇ ਲਈ ਬਣਾਈ ਚਾਹ, ਫਿਰ ਕਰ ਗਿਆ ਕਾਂਡ

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ 75 ਸਾਲਾਂ ਤੋਂ ਜਨਤਾ ਨੂੰ ਲੁੱਟ ਰਹੇ ਹਨ। ਕਿਸੇ ਨੂੰ ਨੌਕਰੀ ਨਹੀਂ ਦਿੱਤੀ, ਸੜਕਾਂ ਨਹੀਂ ਬਣਾਈਆਂ ਅਤੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉਹ ਲੋਕਾਂ ਨੂੰ ਸੀਵਰੇਜ ਅਤੇ ਪਾਣੀ ਦੀ ਸਹੂਲਤ ਨਹੀਂ ਦੇ ਸਕੇ। ਵੋਟਰ ਹੁਣ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਸਕੂਲ, ਹਸਪਤਾਲ, ਨੌਕਰੀਆਂ ਦੇਣ ਦੀ ਗੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਦੇ ਵਿੱਤ ਮੰਤਰੀ ਪੰਜ ਸਾਲ ‘ਖ਼ਜ਼ਾਨਾ ਖ਼ਾਲੀ’ ਕਹਿੰਦੇ ਰਹੇ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਨਾ ਤਾਂ ਕੋਈ ਸੜਕ ਬਣਾਈ, ਨਾ ਕੋਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਬਣਾਈ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਅਸਲ ’ਚ ਉਨ੍ਹਾਂ ਦੇ ਇਰਾਦੇ ਖਾਲੀ ਸਨ। ਉਹ ਕੰਮ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੰਗੇ ਆਗੂ ਨਹੀਂ ਮਿਲੇ, ਇਸੇ ਕਰ ਕੇ ਕੇਜਰੀਵਾਲ ਅਤੇ ਉਨ੍ਹਾਂ ਨੂੰ ਰਾਜਨੀਤੀ ਵਿਚ ਅੱਗੇ ਆਉਣਾ ਪਿਆ ਹੈ। ਕੇਜਰੀਵਾਲ ਇਕ ਵੱਡੇ ਇਨਕਮ ਟੈਕਸ ਅਫ਼ਸਰ ਸਨ। ਉਹ ਆਪ ਕਲਾ ਦੇ ਖੇਤਰ ਵਿਚ ਮੋਹਰੀ ਸੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪਿੰਡਾਂ ਵਿਚ ਨਹੀਂ ਵੜ ਸਕਦਾ। ਅਕਾਲੀ ਕਿਹੜੇ ਮੂੰਹ ਨਾਲ ਪਿੰਡਾਂ ਵਿਚ ਜਾਣਗੇ? ਇਸੇ ਲਈ ਉਹ ਉਪ-ਚੋਣ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੂੰਹ ਵਿਚ ਸੋਨੇ ਦੇ ਚਮਚੇ ਲੈ ਕੇ ਜਨਮ ਲੈਣ ਵਾਲਿਆਂ ਨੂੰ ਲੋਕਾਂ ਦੇ ਦੁੱਖ਼ਾਂ ਦਾ ਪਤਾ ਨਹੀਂ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਵੀ ਕਦੇ ਜਨਤਾ ਵਿਚ ਨਹੀਂ ਗਏ। ਅਕਾਲੀ ਲੀਡਰਸ਼ਿਪ ਦਾ ਵੀ ਇਹੀ ਹਾਲ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਵੇਲੇ ਸਿਲੰਡਰ 100 ਰੁਪਏ ਸਸਤਾ ਕਰ ਦਿੱਤਾ ਸੀ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਹੀ ਸਰਕਾਰ ਨੇ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੇ ਆਗੂ ਹੰਕਾਰ ’ਚ ਹਨ। ਉਨ੍ਹਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ। ਸਮਾਂ ਰਾਜਿਆਂ ਕੋਲੋਂ ਭੀਖ ਮੰਗਵਾ ਦਿੰਦਾ ਹੈ ਅਤੇ ਭਿਖਾਰੀਆਂ ਨੂੰ ਤਾਜ ਦਿਵਾ ਦਿੰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚੋਂ 543 ਮੈਂਬਰ ਪਾਰਲੀਮੈਂਟ ਲਈ ਚੁਣੇ ਜਾਂਦੇ ਹਨ। ਪੰਜਾਬ ਤੋਂ 13 ਮੈਂਬਰ ਪਾਰਲੀਮੈਂਟ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ ਵਿਚ ਰਹਿ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਦੇ ਸਾਹਮਣੇ ਬੇਬਾਕੀ ਨਾਲ ਬੋਲਦੇ ਸਨ। ਸੰਸਦ ਵਿਚ ਬੋਲਣਾ ਸੌਖਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਸਦ ’ਚ ਆਵਾਜ਼ ਬੁਲੰਦ ਕੀਤੀ ਤਾਂ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਸੰਸਦ ’ਚ ਬੋਲਣ ਵਾਲੇ ਦਾ ਕੰਮ ਨਹੀਂ ਰੁਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਾ. ਰਾਜ ਕੁਮਾਰ ਨੂੰ ਕਿਹਾ ਹੈ ਕਿ ਸੰਸਦ ਵਿਚ ਪੰਜਾਬ ਵੱਲੋਂ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਉਹ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਮਾਂ ਨਾਲ ਚਾਈਂ-ਚਾਈਂ ਨਾਨਕੇ ਜਾ ਰਹੀ 9 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News