ਔਰਤ ਨੇ ਨਿਗਲਿਆ ਜ਼ਹਿਰ, ਬੱਚਿਆਂ ਸਮੇਤ ਹਸਪਤਾਲ ''ਚ ਦਾਖ਼ਲ

11/22/2020 5:58:54 PM

ਬਠਿੰਡਾ (ਸੁਖਵਿੰਦਰ) : ਪਰਸਰਾਮ ਨਗਰ ਵਿਖੇ ਇਕ ਔਰਤ ਨੇ ਆਪਣੀਆਂ ਦੋ ਮਾਸੂਮ ਬੱਚੀਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ। ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਨਹੀਂ ਦਿੱਤਾ ਗਿਆ ਜਦਕਿ ਔਰਤ ਵਲੋਂ ਕੁਝ ਜ਼ਹਿਰੀਲੀ ਵਸਤੂ ਨਿਗਲੀ ਗਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਪਤਾ ਲੱਗਿਆ ਹੈ ਕਿ ਔਰਤ ਨੇ ਘਰੇਲੂ ਵਿਵਾਦ ਦੇ ਚੱਲਦਿਆਂ ਹੀ ਉਕਤ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਇਸ ਮਾਮਲੇ ਵਿਚ ਕਿਸੇ ਵਿਅਕਤੀ ਵਲੋਂ ਸਰੀਰਕ ਸ਼ੋਸ਼ਣ ਦੀ ਗੱਲ ਵੀ ਕਹੀ ਜਾ ਰਹੀ ਹੈ ਪ੍ਰੰਤੂ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਔਰਤ ਸ਼ਿਫਾਲੀ ਪਤਨੀ ਰਾਕੇਸ਼ ਕੁਮਾਰ ਵਾਸੀ ਪਰਸਰਾਮ ਨਗਰ ਅਤੇ ਉਨ੍ਹਾਂ ਦੀ 6 ਅਤੇ 9 ਸਾਲ ਦੀਆ ਬੱਚੀਆਂ ਵਲੋਂ ਜ਼ਹਿਰੀਲੀ ਦਵਾਈ ਨਿਗਲਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਮੋਕੇ 'ਤੇ ਪਹੁੰਚ ਕੇ ਤਿੰਨਾਂ ਨੂੰ ਸਿਵਲ ਹਪਸਤਾਲ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਬੱਚੀਆਂ ਪੂਰੀ ਤਰ੍ਹਾਂ ਠੀਕ ਸਨ ਅਤੇ ਔਰਤ ਨੂੰ ਕੁਝ ਪ੍ਰੇਸ਼ਾਨੀ ਸੀ। ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਸੀ।

ਇਸ ਸਬੰਧ ਵਿਚ ਥਾਣਾ ਕੈਨਾਲ ਕਲੋਨੀ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਔਰਤ ਵਲੋਂ ਜ਼ਹਿਰੀਲੀ ਵਸਤੂ ਨਿਗਲਣ ਸਬੰਧੀ ਸੂਚਨਾ ਮਿਲੀ ਸੀ ਅਤੇ ਪੁਲਸ ਦੀ ਟੀਮ ਵਲੋਂ ਇਸ ਸਬੰਧ ਵਿਚ ਸਿਵਲ ਹਸਪਤਾਲ ਭੇਜਿਆ ਗਿਆ ਹੈ। ਜਾਂਚ ਤੋਂ ਬਾਅਦ ਅਤੇ ਬਿਆਨਾ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor Gurminder Singh