ਮਾਲਵੇ ''ਚ ਕਿਣ-ਮਿਣ ਮਗਰੋਂ ਠੰਡ ਨੇ ਜ਼ੋਰ ਫੜ੍ਹਿਆ, ਕਣਕ ਦੀ ਫ਼ਸਲ ਲਈ ਲਾਹੇਵੰਦ ਬਣੀਆਂ ਕਣੀਆਂ
Wednesday, Jan 05, 2022 - 11:42 AM (IST)
ਮੋਗਾ (ਗੋਪੀ ਰਾਊਕੇ) : ਮਾਲਵਾ ਖਿੱਤੇ ’ਚ ਬੀਤੇ ਦਿਨ ਰੁਕ-ਰੁਕ ਕੇ ਹੋਈ ‘ਕਿਣ-ਮਿਣ’ ਮਗਰੋਂ ਜਿੱਥੇ ਠੰਡ ਨੇ ਜ਼ੋਰ ਫੜ੍ਹਿਆ ਹੈ, ਉੱਥੇ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਦੀ ਆਸ ਬੱਝੀ ਹੈ, ਕਿਉਂਕਿ ਬਿਨਾਂ ਮੀਂਹ ’ਤੇ ਪੈ ਰਹੀ ਠੰਡ ਕਰ ਕੇ ਮੌਸਮ ਖ਼ੁਸ਼ਕ ਸੀ, ਜਿਸ ਕਰ ਕੇ ਆਮ ਲੋਕਾਂ ਨੂੰ ਅਲਰਜ਼ੀ ਭਰੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਸੀ, ਇੱਥੇ ਹੀ ਬੱਸ ਨਹੀਂ ਅੰਬਰੋਂ ਡਿੱਗੀਆਂ ਕਣੀਆਂ ਨੇ ਚਾਰੇ ਪਾਸੇ ਲਹਿਰਾਂ-ਬਹਿਰਾਂ ਲਗਾਉਂਦੇ ਹੋਏ ਦਰੱਖਤਾਂ ਦੇ ਪੱਤਿਆਂ ਨੂੰ ਧੋ-ਸੰਵਾਰ ਕੇ ਨਿਖਾਰ ਦਿੱਤਾ ਹੈ, ਜਿਸ ਨਾਲ ਨਵੇਂ ਕਿਸਮ ਦੀ ਹਰਿਆਲੀ ਚਾਰੇ ਪਾਸੇ ਦੇਖਣ ਨੂੰ ਮਿਲ ਰਹੀ ਹੈ। ‘ਜਗ ਬਾਣੀ’ ਵਲੋਂ ਇਕੱਤਰ ਵੇਰਵਿਆਂ ਅਨੁਸਾਰ ਮੀਂਹ ਦਾ ਪਾਣੀ ਹੋਰਨਾਂ ਫ਼ਸਲਾਂ ਦੀ ਤਰ੍ਹਾਂ-ਹਾੜ੍ਹੀ ਦੀ ਮੁੱਖ ਫ਼ਸਲ ਕਣਕ ਲਈ ਵਧੇਰੇ ਲਾਭਕਾਰੀ ਹੈ।
ਖੇਤੀ ਮਾਹਿਰ ਦੱਸਦੇ ਸਨ ਕਿ ਇਸ ਵੇਲੇ ਹਾੜ੍ਹੀ ਦੀ ਫ਼ਸਲ ਨੂੰ ਕਿਸਾਨਾਂ ਵਲੋਂ ਖਾਦ ਪਾ ਕੇ ਪਾਣੀ ਲਗਾਇਆ ਜਾ ਰਿਹਾ ਹੈ ਤੇ ਜੇਕਰ ਇਸ ਵੇਲੇ ਮੀਂਹ ਪੈਂਦਾ ਹੈ ਤਾਂ ਇਸ ਨਾਲ ਫ਼ਸਲ ਦੀ ਤਾਕਤ ਹੋਰ ਵੀ ਵੱਧ ਜਾਂਦੀ ਹੈ। ਕਿਸਾਨ ਲਵਜੀਤ ਸਿੰਘ ਆਖਦੇ ਸਨ ਕਿ ਮੀਂਹ ਦੇ ਪਾਣੀ ਨਾਲ ਫ਼ਸਲਾਂ ਤੋਂ ਖੁਸ਼ਕੀ ਉਤਰੀ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੀ ਫ਼ਸਲ ’ਤੇ ਵੀ ਕੋਹਰੇ ਦੀ ਮਾਰ ਪੈ ਰਹੀ ਸੀ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਆਲੂਆਂ ਦੀ ਫ਼ਸਲ ਨੂੰ ਕੋਹਰੇ ਦੀ ਮਾਰ ਤੋਂ ਬਚਾਉਣ ਲਈ ਰਾਤਾਂ ਦੀ ਚੈਨ ਝੋਕ ਪਾਣੀ ਲਗਾਉਣਾ ਪੈ ਰਿਹਾ ਸੀ ਪਰ ਹੁਣ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਹਰੇ ਚਾਰੇ ਸਮੇਤ ਕੋਹਰਾ ਕਈ ਫ਼ਸਲਾ ਦਾ ਵਧੇਰੇ ਨੁਕਸਾਨ ਕਰਦਾ ਹੈ, ਜਿਸ ਤੋਂ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਕਾਫੀ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦੇ ਮਾਹਿਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਫ਼ਸਲਾਂ ਨੂੰ ਕਾਫ਼ੀ ਲਾਹਾ ਮਿਲੇਗਾ। ਜਦੋਂ ਕਿ ਜ਼ਿਲ੍ਹੇ ਦੇ ਮੁਖ ਖ਼ੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਦਾ ਦੱਸਣਾ ਸੀ ਕਿ ਮੀਂਹ ਦਾ ਪਾਣੀ ਕਣਕ ਸਮੇਤ ਹੋਰਨਾਂ ਫ਼ਸਲਾ ਲਈ ਲਾਹੇਵੰਦ ਹੈ।