ਦੂਜੀ ਪਤਨੀ ਨਾਲ ਮਿਲ ਪਤੀ ਨੇ ਹੀ ਪਹਿਲੀ ਘਰਵਾਲੀ ਦਾ ਕੀਤਾ ਸੀ ਕਤਲ, ਦੋਹਾਂ ਨੇ ਕਬੂਲਿਆ ਗੁਨਾਹ

Tuesday, Sep 28, 2021 - 11:25 AM (IST)

ਦੂਜੀ ਪਤਨੀ ਨਾਲ ਮਿਲ ਪਤੀ ਨੇ ਹੀ ਪਹਿਲੀ ਘਰਵਾਲੀ ਦਾ ਕੀਤਾ ਸੀ ਕਤਲ, ਦੋਹਾਂ ਨੇ ਕਬੂਲਿਆ ਗੁਨਾਹ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਂਕ ’ਤੇ 18 ਸਤੰਬਰ ਨੂੰ ਕਾਰ ਦੀ ਸਾਈਡ ਵੱਜਣ ਨਾਲ ਮਾਰੀ ਗਈ ਮਨਪ੍ਰੀਤ ਕੌਰ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਪਤੀ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੇੜੀ ਗਿੱਲਾਂ ਥਾਣਾ ਭਵਾਨੀਗੜ੍ਹ ਸੰਗਰੂਰ ਨੇ ਹੀ ਮਾਰਿਆ ਸੀ। ਇਸ ਦਾ ਖ਼ੁਲਾਸਾ ਕਰਦਿਆਂ ਮਾਡਲ ਟਾਊਨ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਜੈਦੀਪ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਸੰਦੀਪ ਸਿੰਘ ਅਤੇ ਉਸ ਦੀ ਦੂਜੀ ਪਤਨੀ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਵੀ ਕਰ ਲਿਆ ਹੈ। ਦੋਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਮਿਲ ਗਿਆ ਹੈ।

ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਵੱਡਾ ਫ਼ੈਸਲਾ

ਇਸ ਦੌਰਾਨ ਦੋਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐੱਸ. ਐੱਸ. ਪੀ. ਡਾ. ਸੰਦੀਪ ਗਰਗ, ਐੱਸ. ਪੀ. ਸਿਟੀ ਵਰੁਣ ਸ਼ਰਮਾ, ਡੀ. ਐੱਸ. ਪੀ. ਹੇਮੰਤ ਸ਼ਰਮਾ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸ ਗੁਰਪ੍ਰੀਤ ਸਿੰਘ ਭਿੰਡਰ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਏ. ਐੱਸ. ਆਈ. ਸਤਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਫੀ ਮਿਹਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਉਮਰ 35 ਸਾਲ ਵਾਸੀ ਪੁੱਤਰੀ ਹਰਦਿਆਲ ਸਿੰਘ ਵਾਸੀ ਲੋਅਰ ਮਾਲ ਪਟਿਆਲਾ ਨੂੰ 18 ਸਤੰਬਰ ਨੂੰ ਇਕ ਹੌਂਡਾ ਸਿਟੀ ਕਾਰ ਹਿੱਟ ਕਰ ਗਈ ਸੀ, ਜਿਸ ’ਚ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ 304 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਮਨਪ੍ਰੀਤ ਕੌਰ ਦਾ ਵਿਆਹ ਸਾਲ 2017 ਵਿਚ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੇੜੀ ਗਿੱਲਾਂ ਥਾਣਾ ਭਵਾਨੀਗੜ੍ਹ ਸੰਗਰੂਰ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਦੁਬਈ ਵੀ ਕਰਦਾ ਹੈ ਗੁਰਦਾਸਪੁਰੀਏ 'ਜੋਗਿੰਦਰ ਸਲਾਰੀਆ' 'ਤੇ ਮਾਣ, ਦਿੱਤਾ ਗੋਲਡਨ ਵੀਜ਼ਾ

ਇਸ ਤੋਂ ਬਾਅਦ ਦੋਹਾਂ ਦੀ ਅਣ-ਬਣ ਹੋ ਗਈ ਅਤੇ ਇਸ ਮਾਮਲੇ ਵਿਚ ਦਾਜ ਦਾ ਕੇਸ ਸੰਗਰੂਰ ਵਿਖੇ ਚੱਲਦਾ ਸੀ। ਮਨਪ੍ਰੀਤ ਕੌਰ ਅਦਾਲਤ ’ਚ ਮੁਲਾਜ਼ਮ ਸੀ ਅਤੇ ਸੰਦੀਪ ਸਿੰਘ ਪੰਜਾਬ ਪੁਲਸ ਦਾ ਸਿਪਾਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੰਦੀਪ ਸਿੰਘ ਨੇ ਮਨਪ੍ਰੀਤ ਕੌਰ ਨਾਲ ਤਲਾਕ ਹੋਣ ਤੋਂ ਬਿਨਾਂ ਰਮਨਦੀਪ ਕੌਰ ਨਾਲ ਦੂਜਾ ਵਿਆਹ ਕਰਵਾ ਲਿਆ। ਜਦੋਂ ਮਨਪ੍ਰੀਤ ਕੌਰ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਦੂਜੇ ਵਿਆਹ ਦੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਮਨਪ੍ਰੀਤ ਆਪਣੇ ਪਤੀ ਦੇ ਦੂਜੇ ਵਿਆਹ ਦੇ ਸਬੂਤ ਲੈਣ ਇਕੱਠੇ ਕਰਨ ਜਾ ਰਹੀ ਸੀ ਤਾਂ ਇਸ ਦਾ ਪਤਾ ਸੰਦੀਪ ਸਿੰਘ ਨੂੰ ਲੱਗ ਗਿਆ ਅਤੇ ਉਹ ਆਪਣੀ ਦੂਜੀ ਪਤਨੀ ਰਮਨਦੀਪ ਕੌਰ ਨੂੰ ਨਾਲ ਲੈ ਕੇ ਕਾਰ ’ਚ ਉਸ ਦੇ ਪਿੱਛੇ ਪਹੁੰਚ ਗਿਆ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ 'ਹਲਕਾਅ' ਦੀ ਰੋਕਥਾਮ ਲਈ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਜਦੋਂ ਮਨਪ੍ਰੀਤ ਕੌਰ ਵਾਪਸ ਬੱਸ ’ਚ ਬੈਠੀ ਤਾਂ ਉਨ੍ਹਾਂ ਨੇ ਕਾਰ ਪਿੱਛੇ ਲਗਾ ਲਈ। ਜਦੋਂ ਸਮਾਣਾ ਚੂੰਗੀ ’ਤੇ ਉਤਰ ਕੇ ਮਨਪ੍ਰੀਤ ਕੌਰ ਸੜਕ ਪਾਰ ਕਰਨ ਲੱਗੀ ਤਾਂ ਸੰਦੀਪ ਸਿੰਘ ਨੇ ਕਾਰ ਤੇਜ਼ ਕਰ ਕੇ ਮਨਪ੍ਰੀਤ ਕੌਰ ਦੇ ਵਿਚ ਮਾਰੀ ਅਤੇ ਉਸ ਨੂੰ ਦਰੜ ਕੇ ਫ਼ਰਾਰ ਹੋ ਗਿਆ। ਪੁਲਸ ਨੇ ਜਦੋਂ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਹੌਂਡਾ ਸਿਟੀ ਕਾਰ ਬਾਰੇ ਤਾਂ ਕੈਮਰਿਆਂ ’ਚ ਸਪੱਸ਼ਟ ਹੋ ਗਿਆ ਸੀ ਪਰ ਬਾਅਦ ਆਸ-ਪਾਸ ਦੇ ਕੈਮਰਿਆਂ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਸੜਕਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸਾਰੀ ਤਸਵੀਰ ਸਾਫ਼ ਹੋ ਗਈ। ਜਦੋਂ ਦੋਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਆਪਣਾ ਗੁਨਾਹ ਮੰਨ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News