ਪਤਨੀ ਨੇ ਕਰਵਾਚੌਥ ਦਾ ਵਰਤ ਨਹੀਂ ਰੱਖਿਆ, ਪਤੀ ਨੇ ਕੁੱਟਿਆ
Monday, Oct 09, 2017 - 07:19 AM (IST)

ਜਲੰਧਰ, (ਸ਼ੋਰੀ)- ਉਂਝ ਤਾਂ ਔਰਤਾਂ ਆਪਣੀ ਮਰਜ਼ੀ ਨਾਲ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ, ਤਾਂ ਕਿ ਪਤੀ ਦੀ ਉਮਰ ਲੰਬੀ ਰਹੇ ਪਰ ਗੋਪਾਲ ਨਗਰ ਇਲਾਕੇ ਵਿਚ ਇਕ ਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਚੂਰ ਹੋ ਕੇ ਆਪਣੀ ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਪਤਨੀ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਸ਼ਰਾਬੀ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਨਹੀਂ ਰੱਖਿਆ ਸੀ। ਇਸ ਗੱਲ ਨੂੰ ਲੈ ਕੇ ਇਲਾਕੇ ਵਿਚ ਹੰਗਾਮਾ ਦੇਖਣ ਨੂੰ ਮਿਲਿਆ। ਪੀੜਤ ਪਤਨੀ ਨੇ ਇਸ ਸੰੰਬੰਧੀ ਥਾਣਾ ਨੰਬਰ 1 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਪੁਲਸ ਨੇ ਸ਼ਰਾਬੀ ਪਤੀ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ। ਪੀੜਤ ਪਤਨੀ ਦਾ ਕਹਿਣਾ ਸੀ ਕਿ ਸ਼ਰਾਬ ਦੇ ਨਸ਼ੇ ਵਿਚ ਉਸ ਦਾ ਪਤੀ ਕਈ ਵਾਰ ਉਸ ਨਾਲ ਝਗੜਾ ਕਰਨ ਦੇ ਨਾਲ ਹਰ ਸਮੇਂ ਮਾਰਕੁੱਟ ਦਾ ਬਹਾਨਾ ਲੱਭਦਾ ਰਹਿੰਦਾ ਹੈ। ਥਾਣਾ ਨੰਬਰ 1 ਵਿਚ ਤਾਇਨਾਤ ਏ. ਐੱਸ. ਆਈ. ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।