ਪਰਾਏ ਬੰਦੇ ਦੇ ਚੱਕਰਾਂ ''ਚ ਪਈ ਪਤਨੀ ਨੇ ਹੱਥੀਂ ਉਜਾੜ ਲਿਆ ਆਪਣਾ ਘਰ, ਪਤੀ ਨੇ ਕੀਤੀ ਖ਼ੁਦਕੁਸ਼ੀ

05/27/2024 4:05:50 PM

ਮੋਗਾ (ਆਜ਼ਾਦ) : ਬਹਾਦਰ ਸਿੰਘ ਬਸਤੀ ਮੋਗਾ ਨਿਵਾਸੀ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਮ੍ਰਿਤਕ ਦੇ ਭਰਾ ਸਕੰਦਰ ਸਿੰਘ ਨਿਵਾਸੀ ਬਹਾਦਰ ਬਸਤੀ ਮੋਗਾ ਨੇ ਕਿਹਾ ਕਿ ਉਸ ਦਾ ਭਰਾ ਬੰਟੀ ਸਿੰਘ ਦਾ ਵਿਆਹ ਸੰਦੀਪ ਕੌਰ ਨਿਵਾਸੀ ਸੇਖਵਾਂ ਫਿਰੋਜ਼ਪੁਰ ਨਾਲ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਉਸ ਨੇ ਕਿਹਾ ਕਿ ਮੇਰੇ ਭਰਾ ਅਤੇ ਭਰਜਾਈ ਵਿਚਕਾਰ ਘਰੇਲੂ ਝਗੜਾ ਚੱਲਦਾ ਰਹਿੰਦਾ ਸੀ। ਅਸੀਂ 2-3 ਵਾਰ ਪੰਚਾਇਤੀ ਤੌਰ ’ਤੇ ਇਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ। ਮੇਰੇ ਭਰਾ ਭਰਜਾਈ ਦੇ ਲੜਾਈ ਝਗੜੇ ਦਾ ਫਾਇਦਾ ਉਠਾਉਂਦੇ ਹੋਏ ਸਾਡੀ ਬਸਤੀ ਦੇ ਅਮਨਦੀਪ ਸਿੰਘ ਉਰਫ ਨੀਲਾ ਨੇ ਮੇਰੀ ਭਰਜਾਈ ਨਾਲ ਕਥਿਤ ਨਾਜਾਇਜ਼ ਸਬੰਧ ਬਣਾ ਲਏ ਅਤੇ ਉਹ 19 ਮਈ 2024 ਨੂੰ ਮੇਰੀ ਭਰਜਾਈ ਨੂੰ ਬਿਨਾਂ ਦੱਸੇ ਬਾਹਰ ਲੈ ਗਿਆ ਸੀ, ਜਿਸ ਕਾਰਣ ਮੇਰਾ ਭਰਾ ਬੰਟੀ ਸਿੰਘ ਉਸ ਦਿਨ ਤੋਂ ਤੰਗ ਪ੍ਰੇਸ਼ਾਨ ਰਹਿੰਦਾ ਸੀ, ਜਿਸ ’ਤੇ ਅਸੀਂ ਅਮਨਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। 

ਇਸ ਉਪਰੰਤ ਅਮਨਦੀਪ ਸਿੰਘ, ਵਿੱਕੀ, ਇਸ ਦਾ ਪਿਤਾ ਜਗਤਾਰ ਸਿੰਘ ਅਤੇ ਵਿੱਕੀ ਸਿੰਘ ਉਰਫ ਤੇਲ ਪੀਣਾ ਸਾਰੇ ਨਿਵਾਸੀ ਬਹਾਦਰ ਬਸਤੀ ਮੋਗਾ ਨੇ ਮੈਨੂੰ ਅਤੇ ਮੇਰੇ ਭਰਾ ਦੇ ਇਲਾਵਾ ਮੇਰੇ ਮਾਮੇ ਦੇ ਲੜਕੇ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਹਿਣੇ ਮਾਰਨ ਲੱਗੇ ਕਿ ਅਸੀਂ ਸੰਦੀਪ ਕੌਰ ਨੂੰ ਲੈ ਗਏ, ਤੁਸੀਂ ਜੋ ਮਰਜ਼ੀ ਕਰਲੋ, ਜਿਸ ਕਰਕੇ ਮੇਰਾ ਭਰਾ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਅਤੇ ਮੈਨੂੰ ਕਿਹਾ ਕਿ ਮੈਂ ਇਨ੍ਹਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣੀ ਹੈ। ਅਸੀਂ ਉਸ ਨੂੰ ਬਹੁਤ ਸਮਝਾਇਆ ਪਰ ਬੀਤੀ 25 ਮਈ ਦੀ ਰਾਤ ਨੂੰ ਮੇਰੇ ਭਰਾ ਬੰਟੀ ਸਿੰਘ ਨੇ ਆਪਣੀ ਪਤਨੀ ਸੰਦੀਪ ਕੌਰ, ਉਸ ਦੇ ਕਥਿਤ ਪ੍ਰੇਮੀ ਅਮਨਦੀਪ ਸਿੰਘ ਉਰਫ਼ ਨੀਲਾ ਅਤੇ ਹੋਰਨਾਂ ਤੋਂ ਤੰਗ ਆ ਕੇ ਘਰ ਅੰਦਰ ਲੱਗੇ ਦਰੱਖਤ ਦੇ ਟਾਹਣੇ ਨਾਲ ਗਲ ਵਿਚ ਚੁੰਨੀ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਉਸ ਨੇ ਕਿਹਾ ਕਿ ਮੇਰੇ ਭਰਾ ਦੀ ਮੌਤ ਲਈ ਉਕਤ ਚਾਰੇ ਕਸੂਰਵਾਰ ਹਨ, ਜਿਸ ’ਤੇ ਪੁਲਸ ਨੇ ਕਥਿਤ ਮੁਲਜ਼ਮਾਂ ਸੰਦੀਪ ਕੌਰ, ਉਸ ਦੇ ਕਥਿਤ ਪ੍ਰੇਮੀ ਅਮਨਦੀਪ ਸਿੰਘ ਉਰਫ ਨੀਲਾ, ਵਿੱਕੀ ਸਿੰਘ, ਜਗਤਾਰ ਸਿੰਘ ਸਾਰੇ ਨਿਵਾਸੀ ਬਹਾਦਰ ਸਿੰਘ ਬਸਤੀ ਮੋਗਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News