ਪਤੀ ਨੇ ਵਾਲਾ ਤੋਂ ਧੂਹ-ਧੂਹ ਬੁਰੀ ਤਰ੍ਹਾਂ ਕੁੱਟੀ ਪਤਨੀ
Monday, Apr 08, 2019 - 03:54 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਇਕ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਦਰਅਸਲ ਇਹ ਵੀਡੀਓ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੀ ਹੈ, ਜਿੱਥੇ ਮਰਚੈਂਟ ਨੇਵੀ 'ਚ ਤਾਇਨਾਤ ਇਕ ਕੈਪਟਨ ਵੱਲੋਂ ਆਪਣੀ ਪਤਨੀ ਦਾ ਘੜੀਸ-ਘੜੀਸ ਕੇ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ। ਪੀੜਤਾਂ ਨੇ ਪੁਲਸ ਕੋਲ ਆਪਣਾ ਬਿਆਨ ਦਰਜ ਕਰਵਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ।
ਪੀੜਤਾ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 5-6 ਸਾਲ ਪਹਿਲਾਂ ਮਰਚੰਟ ਨੇਵੀ 'ਚ ਤਾਇਨਾਤ ਕੈਪਟਨ ਦਲਜੀਤ ਸਿੰਘ ਨਾਲ ਹੋਇਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਵਿਆਹ ਤੋਂ ਹੀ ਪਸੰਦ ਨਹੀਂ ਕਰਦਾ ਸੀ ਜਿਸ ਕਰਕੇ ਉਹ ਵੱਖਰੀ ਹੋ ਗਈ ਪਰ ਬੀਤੇ ਦਿਨੀਂ ਅਚਾਨਕ ਉਸਦਾ ਪਤੀ ਆਪਣੇ ਦੋਸਤ ਨਾਲ ਆਇਆ ਅਤੇ ਉਸ ਨੇ ਪਹਿਲਾਂ ਘਰ ਦੀ ਡੋਰ ਬੈੱਲ ਵਜਾਈ ਜਿਵੇਂ ਹੀ ਉਹ ਘਰ ਤੋਂ ਬਾਹਰ ਆਈ ਤਾਂ ਪਤੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘੜੀਸਦਾ ਹੋਇਆ ਗਲੀ ਵਿਚ ਲੈ ਗਿਆ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤਾ ਨੇ ਪੁਲਸ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।