ਪਤਨੀ ਨੇ ਦੀਵਾਲੀ ਵਾਲੇ ਦਿਨ ਕਮਾਇਆ ਕਹਿਰ, ਹੱਥੀਂ ਮਾਰ ਮੁਕਾਇਆ ਪਤੀ
Monday, Oct 28, 2019 - 06:36 PM (IST)
ਬੱਧਨੀ ਕਲਾਂ (ਬੱਬੀ) : ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਕੁੱਸਾ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਅੱਜ ਇਕ ਪਤਨੀ ਵਲੋਂ ਦਾਲ ਵਿਚ ਜ਼ਹਿਰੀਲੀ ਵਸਤੂ ਪਾ ਕੇ ਪਤੀ ਨੂੰ ਮਾਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣਾ ਆਇਆ ਹੈ। ਪੁਲਸ ਵਲੋਂ ਮ੍ਰਿਤਕ ਵਿਅਕਤੀ ਸਮਸ਼ੇਰ ਸਿੰਘ ਵਾਸੀ ਕੁੱਸਾ ਦੀ ਮਾਤਾ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਦੋ ਹੋਰ ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮ੍ਰਿਕਤ ਵਿਅਕਤੀ ਦੀ ਮਾਤਾ ਮਨਜੀਤ ਕੌਰ ਪਤਨੀ ਰੱਖਾ ਸਿੰਘ ਵਾਸੀ ਕੁੱਸਾ ਨੇ ਪੁਲਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਲ਼ੜਕੇ ਸ਼ਮਸੇਰ ਸਿੰਘ (35) ਦਾ ਵਿਆਹ ਤਕਰੀਬਨ 14 ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਸ ਦੇ ਦੋ ਬੱਚੇ ਵੀ ਸਨ ਪਰ ਉਸ ਦਾ ਆਪਣੀ ਪਤਨੀ ਨਾਲ ਅਕਸਰ ਝਗ਼ੜਾ ਰਹਿੰਦਾ ਸੀ ਜਿਸ ਕਾਰਨ ਉਸ ਦੀ ਪਤਨੀ ਵਲੋਂ ਕਈ ਵਾਰ ਆਪਣੇ ਭਰਾਂਵਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਲਿਆ ਕੇ ਮੇਰੇ ਲ਼ੜਕੇ ਨੂੰ ਡਰਾਇਆ ਧਮਕਾਇਆ ਵੀ ਗਿਆ ਪਰ ਉਨ੍ਹਾਂ ਵਿਚ ਲ਼ੜਾਈ ਫਿਰ ਵੀ ਖਤਮ ਨਹੀਂ ਹੋਈ। ਮਨਜੀਤ ਕੌਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਵਿਦੇਸ਼ ਮਲੇਸ਼ੀਆ ਜਾਣਾ ਚਾਹੁੰਦੀ ਸੀ ਜਿਸ ਨੂੰ ਮੇਰਾ ਲ਼ੜਕਾ ਉਥੇ ਭੇਜਣਾ ਨਹੀਂ ਚਾਹੁੰਦਾ ਸੀ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਇਸੇ ਦੇ ਚੱਲਦੇ ਦਿਵਾਲੀ ਵਾਲੇ ਦਿਨ ਮੇਰੇ ਲ਼ੜਕੇ ਦੀ ਪਤਨੀ ਨੇ ਆਪਣੇ ਚਾਚੇ ਗੁਰਦੀਪ ਸਿੰਘ ਤੇ ਰਿਸ਼ਤੇਦਾਰੀ ਵਿਚੋਂ ਭੈਣ ਲੱਗਦੀ ਇਕ ਲ਼ੜਕੀ ਨੂੰ ਇਥੇ ਬੁਲਾ ਲਿਆ ਜਿਨ੍ਹਾਂ ਸਮਸ਼ੇਰ ਸਿੰਘ ਨੂੰ ਡਰਾ ਧਮਕਾ ਕੇ ਉਸ ਉੱਪਰ ਮਲੇਸ਼ੀਆ ਭੇਜਣ ਦਾ ਦਬਾਅ ਪਾਇਆ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਉਸ ਦੀ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਹਮਮਸ਼ਵਰਾ ਹੋ ਕੇ ਸਮਸ਼ੇਰ ਨੂੰ ਦੁਪਹਿਰ 12.30 ਵਜੇ ਦੇ ਕਰੀਬ ਦਾਲ 'ਚ ਕੋਈ ਜ਼ਹਿਰੀਲੀ ਵਸਤੂ ਮਿਲਾ ਦਿੱਤੀ ਤੇ ਆਪ ਪਿੰਡ ਵਿਚ ਹੀ ਵਿਚੋਲਿਆਂ ਦੇ ਘਰ ਚਲੀ ਗਈ ਤਾਂ ਜੋ ਆਪਣੇ ਪਤੀ ਦੀ ਮੌਤ ਦਾ ਇਲਜ਼ਾਮ ਉਸ 'ਤੇ ਨਾ ਆ ਸਕੇ। ਰੋਟੀ ਖਾਣ ਉਪਰੰਤ ਸ਼ਮਸ਼ੇਰ ਤੜਫਣ ਲੱਗ ਪਿਆ। ਇਸ ਦੌਰਾਨ ਉਸ ਨੂੰ ਤੁਰੰਤ ਲੁਹਾਰਾ ਦੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿਚ ਨਿਹਾਲ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਵੀ ਲਿਜਾਇਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੀ ਮਾਤਾ ਨੇ ਕਿਹਾ ਕੇ ਕੁਲਵਿੰਦਰ ਕੌਰ ਨੇ ਜਾਣ ਬੁਝ ਕੇ ਵਿਦੇਸ਼ ਜਾਣ ਦੀ ਲਾਲਸਾ ਵਿਚ ਉਸ ਦੇ ਪੁੱਤਰ ਨੂੰ ਖਤਮ ਕੀਤਾ ਹੈ। ਪੁਲਸ ਨੇ ਸ਼ਮਸ਼ੇਰ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ 'ਤੇ ਪਤਨੀ ਕੁਲਵਿੰਦਰ ਕੌਰ ਪੁੱਤਰੀ ਪਿਆਰਾ ਸਿੰਘ, ਗੋਲਡੀ ਕੌਰ ਪੁੱਤਰੀ ਪਿਆਰਾ ਸਿੰਘ ਅਤੇ ਪਿਆਰਾ ਸਿੰਘ ਪੁੱਤਰ ਨਾਂਮਾਲੂਮ ਵਾਸੀ ਰੋਡੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।