ਪਤਨੀ ਨੂੰ ਅੱਠ ਲੱਖ ਰੁਪਏ ਦਾ ਚੂਨਾ ਲਗਾ ਗਿਆ ਘਰ ਜਵਾਈ ਬਣ ਰਹਿਣ ਵਾਲਾ ਪਤੀ

Monday, May 06, 2019 - 04:00 PM (IST)

ਪਤਨੀ ਨੂੰ ਅੱਠ ਲੱਖ ਰੁਪਏ ਦਾ ਚੂਨਾ ਲਗਾ ਗਿਆ ਘਰ ਜਵਾਈ ਬਣ ਰਹਿਣ ਵਾਲਾ ਪਤੀ

ਫਿਰੋਜ਼ਪੁਰ (ਮਲਹੋਤਰਾ) : ਘਰ ਜਵਾਈ ਬਣ ਕੇ ਰਹਿਣ ਵਾਲਾ ਵਿਅਕਤੀ ਆਪਣੀ ਪਤਨੀ ਨੂੰ ਅੱਠ ਲੱਖ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋ ਗਿਆ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਏ.ਐਸ.ਆਈ. ਪਿੱਪਲ ਸਿੰਘ ਅਨੁਸਾਰ ਚਮਕੌਰ ਕੌਰ ਵਾਸੀ ਪਿੰਡ ਬੋਤੀਆਂਵਾਲਾ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਦਾ ਵਿਆਹ ਫਰਵਰੀ 2012 ਵਿਚ ਗੁਰਪ੍ਰੀਤ ਸਿੰਘ ਪਿੰਡ ਗੁਰਦਿੱਤੀਵਾਲਾ ਨਾਲ ਹੋਇਆ ਸੀ। ਉਸ ਨੇ ਦੱਸਿਆ ਸੀ ਕਿ ਉਸਦਾ ਕੋਈ ਭਰਾ ਨਾ ਹੋਣ ਕਾਰਨ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਵਿਚ ਘਰ ਜਵਾਈ ਵਾਂਗ ਰਹਿੰਦਾ ਸੀ। 
ਉਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਉਸਦੇ ਨਾਂ ਦੀ ਜ਼ਮੀਨ ਤੇ ਸੁਸਾਇਟੀ ਤੋਂ 8 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਉਸ ਨੂੰ ਧੋਖੇ ਵਿਚ ਰੱਖ ਕੇ 13 ਚੈੱਕਾਂ ਤੇ ਉਸਦੇ ਦਸਤਖਤ ਕਰਵਾ ਲਏ। ਉਸ ਨੇ ਦੋਸ਼ ਲਾਏ ਕਿ ਉਸ ਨੇ ਇਨ੍ਹਾਂ ਵਿਚੋਂ 5 ਚੈਕ ਸੁਸਾਇਟੀ ਦੇ ਕਰਜ਼ੇ ਵਾਲੇ ਖਾਤੇ ਵਿਚ ਬਤੌਰ ਕਿਸ਼ਤ ਜਮ੍ਹਾਂ ਕਰਵਾ ਦਿੱਤੇ ਜਦਕਿ ਬਾਕੀ ਅੱਠ ਚੈੱਕਾਂ ਰਾਹੀਂ ਉਸ ਨੇ ਖਾਤੇ ਵਿਚੋਂ 8 ਲੱਖ 1 ਹਜ਼ਾਰ ਰੁਪਏ ਕਢਵਾ ਲਏ ਤੇ ਉਸ ਨੂੰ ਤੇ ਉਸ ਦੀ ਛੇ ਸਾਲ ਦੀ ਬੱਚੀ ਨੂੰ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਿਆ ਹੈ। ਏ.ਐਸ.ਆਈ. ਨੇ ਦੱਸਿਆ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News