''ਨਸ਼ਾ ਛੱਡੋ ਜਾਂ ਘਰ ਖਾਲੀ ਕਰੋ'', ਟੁੱਟ ਗਿਆ ਮੁਹੱਲਾ ਵਾਸੀਆਂ ਦੇ ਸਬਰ ਦਾ ਬੰਨ੍ਹ

Tuesday, Feb 10, 2026 - 03:24 PM (IST)

''ਨਸ਼ਾ ਛੱਡੋ ਜਾਂ ਘਰ ਖਾਲੀ ਕਰੋ'', ਟੁੱਟ ਗਿਆ ਮੁਹੱਲਾ ਵਾਸੀਆਂ ਦੇ ਸਬਰ ਦਾ ਬੰਨ੍ਹ

ਲੁਧਿਆਣਾ (ਰਾਜ): ਹੈਬੋਵਾਲ ਇਲਾਕੇ ਦੇ ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਇਕ ਪਰਿਵਾਰ ਨੇ ਆਪਣੇ ਹੀ ਗੁਆਂਢੀਆਂ 'ਤੇ ਹਮਲਾ ਕਰ ਦਿੱਤਾ। ਸੋਮਵਾਰ ਨੂੰ ਹੋਏ ਇਸ ਹੰਗਾਮੇ ਨੇ ਪੂਰੇ ਮੁਹੱਲੇ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਹੁਣ ਇਲਾਕੇ ਦੇ ਲੋਕ ਲਾਮਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਜਾਂ ਤਾਂ ਇਸ ਘਰ ਵਿਚ ਚੱਲ ਰਿਹਾ ਨਸ਼ੇ ਦਾ ਧੰਦਾ ਬੰਦ ਹੋਵੇਗਾ ਜਾਂ ਫਿਰ ਇਸ ਪਰਿਵਾਰ ਨੂੰ ਮੁਹੱਲਾ ਛੱਡਣਾ ਪਵੇਗਾ।

ਦਰਅਸਲ, ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਘਰ ਦੇ ਬਾਹਰ ਰੋਜ਼ਾਨਾ ਦੀ ਤਰ੍ਹਾਂ ਕੁਝ ਗੁਆਂਢੀ ਸੈਰ ਕਰ ਰਹੇ ਸਨ। ਇਸ ਦੌਰਾਨ ਕਥਿਤ ਨਸ਼ਾ ਤਸਕਰਾਂ ਦੇ ਪਰਿਵਾਰ ਨੇ ਬਿਨਾਂ ਕਿਸੇ ਗੱਲ ਦੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਰੌਲ਼ਾ-ਰੱਪਾ ਸੁਣ ਕੇ ਜਦੋਂ ਹੋਰ ਲੋਕ ਬਚਾਅ ਕਰਨ ਪਹੁੰਚੇ, ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤਾਂ ਦਾ ਕਹਿਣਾ ਹੈ ਕਿ ਇਹ ਘਰ ਹੁਣ ਪੂਰੇ ਮੁਹੱਲੇ ਲਈ ਸਿਰਦਰਦ ਬਣ ਚੁੱਕਾ ਹੈ। ਇੱਥੇ ਦਿਨ-ਰਾਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਕਰਨ ਵਾਲਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਨੂੰਹਾਂ-ਧੀਆਂ ਦਾ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਦਾ ਦੋਸ਼ ਹੈ ਕਿ ਵਿਰੋਧ ਕਰਨ 'ਤੇ ਇਹ ਪਰਿਵਾਰ ਗਾਲੀ-ਗਲੋਚ ਅਤੇ ਕੁੱਟਮਾਰ 'ਤੇ ਉਤਾਰੂ ਹੋ ਜਾਂਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਰ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਕਈ ਵਾਰ ਪੁਲਸ ਤੱਕ ਪਹੁੰਚੀਆਂ, ਪਰ ਸ਼ਾਤਰ ਮੁਲਜ਼ਮ ਹਰ ਵਾਰ ਮਿੰਨਤਾਂ ਕਰਕੇ ਜਾਂ ਦਬਾਅ ਬਣਾ ਕੇ ਰਾਜ਼ੀਨਾਮਾ ਕਰ ਲੈਂਦੇ ਸਨ। ਹੁਣ ਮੁਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਕਾਰਵਾਈ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਰਾਜ਼ੀਨਾਮਾ ਮਨਜ਼ੂਰ ਨਹੀਂ ਹੈ, ਸਗੋਂ ਪੁਲਸ ਇਸ ਨਸ਼ੇ ਦੇ ਨੈੱਟਵਰਕ ਨੂੰ ਜੜ੍ਹ ਤੋਂ ਖ਼ਤਮ ਕਰੇ। ਲੋਕ ਪੁਲਸ ਤੋਂ ਸਖ਼ਤ ਐਕਸ਼ਨ ਦੀ ਉਮੀਦ ਲਗਾਈ ਬੈਠੇ ਹਨ।


author

Anmol Tagra

Content Editor

Related News